
ਤਰਨ ਤਾਰਨ ਜੇਲ੍ਹ ’ਚ ਹੋਈ ਗੈਂਗਵਾਰ
ਤਰਨ ਤਾਰਨ, 26 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਤਰਨ ਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਗੈਂਗਵਾਰ ਹੋਈ। ਇਸ ਦੌਰਾਨ ਆਪਸ ਵਿੱਚ ਭਿੜੇ ਕੈਦੀਆਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਕਤਲ ਕੇਸ ਵਿੱਚ ਮੁਲਜ਼ਮ ਦੋ ਗੈਂਗਸਟਰਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮਨਦੀਪ ਤੂਫਾਨ ਰਈਆ ਤੇ ਮਨਮੋਹਨ ਸਿੰਘ ਐਤਵਾਰ ਨੂੰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਗੈਂਗਵਾਰ ਦੌਰਾਨ ਮਾਰੇ ਗਏ ਜਦੋਂਕਿ ਕੇਸ਼ਵ ਬਠਿੰਡਾ ਗੰਭੀਰ ਜ਼ਖ਼ਮੀ ਹੋ ਗਿਆ। ਤਿੰਨਾਂ ਦੇ ਸਿਰਾਂ ‘ਤੇ ਤੇਜ਼ਧਾਰ ਹਥਿਆਰਾਂ ਦੀਆਂ ਗੰਭੀਰ ਸੱਟਾਂ ਵੱਜੀਆਂ ਹਨ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਤੋਂ ਲਿਆਂਦੇ ਗਏ ਤਿੰਨਾਂ ਜ਼ਖ਼ਮੀਆਂ ‘ਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਤੀਜੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਭਾਰੀ ਸੁਰੱਖਿਆ ‘ਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਗੈਂਗਵਾਰ ਦੌਰਾਨ ਜ਼ਖ਼ਮੀਆਂ ਨੂੰ ਸਖ਼ਤ ਸੁਰੱਖਿਆ ਹੇਠ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ। ਡੀਐਸਪੀ (ਸਿਟੀ) ਜਸਪਾਲ ਸਿੰਘ ਢਿੱਲੋਂ, ਥਾਣਾ ਸਿਟੀ ਤਰਨਤਾਰਨ ਦੇ ਡਿਊਟੀ ਅਫ਼ਸਰ ਵਿਪਨ ਕੁਮਾਰ, ਥਾਣਾ ਗੋਇੰਦਵਾਲ ਸਾਹਿਬ ਦੇ ਡਿਊਟੀ ਅਫ਼ਸਰ ਪ੍ਰੇਮ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਦੱਸ ਦਈਏ ਕਿ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਮੋਬਾਈਲਾਂ ਦੀ ਦੁਰਵਰਤੋਂ ਤੇ ਨਸ਼ੀਲੇ ਪਦਾਰਥ ਫੜੇ ਜਾ ਰਹੇ ਹਨ।
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸੰਬੰਧਤ ਮੁਲਜ਼ਮ ਗੈਂਗਸਟਰਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਸੀ। ਮੁਲਜ਼ਮਾਂ ਨੇ ਗੈਂਗਵਾਰ ਦੌਰਾਨ ਲੋਹੇ ਦੀ ਰਾਡ ਦੀ ਵਰਤੋਂ ਕੀਤੀ। ਏ ਕੈਟਾਗਰੀ ਦੇ ਗੈਂਗਸਟਰ ਮਨਦੀਪ ਤੂਫਾਨ ਵਾਸੀ ਰਈਆ ਤੇ ਗੈਂਗਸਟਰ ਕੇਸ਼ਵ ਬਠਿੰਡਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮਨਮੋਹਨ ਸਿੰਘ ਮੋਨਾ ਵਾਸੀ ਬੁੱਢਲਾਡਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਹਾਲਤ ਅਤਿ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।