ਪੰਜਾਬ ’ਚ ਵਧਿਆ ਕੋਰੋਨਾ ਦਾ ਖ਼ਤਰਾ

ਐਕਟਿਵ ਕੇਸ 1967 ’ਤੇ ਪੁੱਜੇ

Video Ad

ਚੰਡੀਗੜ੍ਹ/ਲਾਲੜੂ, 21 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਕਈ ਸੂਬਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਮਾਮਲੇ ਤੇਜ਼ੀ ਨਾਲ ਵਧਦੇ ਹੋਏ ਦਿਖਾਈ ਦੇ ਰਹੇ ਨੇ।
ਇਸ ਦੇ ਚਲਦਿਆਂ ਹੀ 24 ਘੰਟਿਆਂ ਦੌਰਾਨ459 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਐਕਟਿਵ ਕੇਸਾਂ ਦਾ ਅੰਕੜਾ 1967 ’ਤੇ ਪੁੱਜ ਗਿਆ। ਇੱਥੋਂ ਤੱਕ ਕੇ ਮੋਹਾਲੀ ਦੇ ਲਾਲੜੂ ਸ਼ਹਿਰ ਵਿੱਚ ਇੱਕ ਸਕੂਲ ਵਿੱਚ ਕਈ ਵਿਦਿਆਰਥੀ ਕੋਰੋਨਾ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਸਕੂਲ ਬੰਦ ਕਰਨਾ ਪਿਆ।

ਦੱਸ ਦੇਈਏ ਕਿ ਪੰਜਾਬ ਦੀ ਪਾਜ਼ੀਟਿਵਿਟੀ ਦਰ 3.72 ਫੀਸਦੀ ਰਹੀ। ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 133 ਮਾਮਲੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਇੱਥੇ ਪਾਜ਼ੀਟਿਵਿਟੀ ਦਰ 17.57% ਸੀ। ਜਲੰਧਰ ’ਚ 59, ਲੁਧਿਆਣਾ ‘ਚ 54 ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ 10.39% ਦੀ ਪਾਜ਼ੀਟਿਵਿਟੀ ਦਰ ਦੇ ਨਾਲ 43 ਕੇਸ ਪਾਏ ਗਏ। ਬਠਿੰਡਾ ਵਿੱਚ 29 ਕੇਸ ਪਾਏ ਗਏ ਪਰ ਪਾਜ਼ੀਟਿਵਿਟੀ ਦਰ 7.69% ਸੀ। ਇਸ ਸਮੇਂ ਦੌਰਾਨ ਮੋਹਾਲੀ, ਪਟਿਆਲਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਪਾਜ਼ੀਟਿਵਿਟੀ ਦਰ ਦਰਜ ਕੀਤੀ ਗਈ ਹੈ।
ਪੰਜਾਬ ਵਿੱਚ ਇਨ੍ਹਾਂ 5 ਜ਼ਿਲਿ੍ਹਆਂ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਹਨ। ਇਸ ਸਮੇਂ ਮੁਹਾਲੀ ਵਿੱਚ ਸਭ ਤੋਂ ਵੱਧ 521 ਐਕਟਿਵ ਕੇਸ ਹਨ। ਲੁਧਿਆਣਾ 268 ਐਕਟਿਵ ਕੇਸਾਂ ਨਾਲ ਦੂਜੇ ਨੰਬਰ ‘ਤੇ, ਜਲੰਧਰ 254 ਐਕਟਿਵ ਕੇਸਾਂ ਨਾਲ ਤੀਜੇ ਨੰਬਰ ‘ਤੇ, ਬਠਿੰਡਾ 190 ਨਾਲ ਚੌਥੇ ਅਤੇ ਪਟਿਆਲਾ 159 ਐਕਟਿਵ ਕੇਸਾਂ ਨਾਲ ਪੰਜਵੇਂ ਨੰਬਰ ’ਤੇ ਹੈ।
ਇਸ ਦੇ ਚਲਦਿਆਂ ਹੀ ਬੀਤੇ ਦਿਨ ਲਾਲੜੂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ 21 ਵਿਦਿਆਰਥੀ ਕੋਵਿਡ-19 ਪਾਜ਼ੀਟਿਵ ਪਾਏ ਗਏ। ਜਿਸ ਤੋਂ ਬਾਅਦ ਸਕੂਲ ਦੀਆਂ ਕਲਾਸਾਂ ਨੂੰ ਦਸ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਜਦਕਿ ਸਕੂਲ ਸਟਾਫ ਤੇ ਸਾਰੇ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਪੰਜ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਤਾਂ ਸਿਹਤ ਅਧਿਕਾਰੀਆਂ ਵੱਲੋਂ ਲਏ ਹੋਰ ਸੈਂਪਲ ਵਿੱਚ 16 ਹੋਰ ਵਿਦਿਆਰਥੀ ਕੋਰੋਨਾ ਪਾਜ਼ਿਟਿਵ ਪਾਏ ਗਏ।
ਵਿਦਿਆਰਥੀਆਂ ਦੀ ਕੋਵਿਡ-19 ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ। ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੂੰ ਅਗਲੇ ਦਸ ਦਿਨਾਂ ਲਈ ਕਲਾਸਾਂ ਬੰਦ ਕਰਨ ਲਈ ਕਿਹਾ ਗਿਆ ਹੈ।
ਇਸ ਦੌਰਾਨ, ਬੁੱਧਵਾਰ ਨੂੰ ਮੋਹਾਲੀ ਵਿੱਚ 133 ਕੋਵਿਡ -19 ਮਾਮਲੇ ਸਾਹਮਣੇ ਆਏ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 521 ਹੋ ਗਈ ਹੈ। ਕੁੱਲ 491 ਸ਼ਹਿਰੀ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ ਜਦਕਿ 27 ਮਰੀਜ਼ ਪੇਂਡੂ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ। ਕੁੱਲ ਤਿੰਨ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ। ਜ਼ਿਲ੍ਹੇ ਵਿੱਚ ਕੁੱਲ 97,889 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਸੰਕਰਮਣ ਕਾਰਨ ਕੁੱਲ 1,159 ਮੌਤਾਂ ਹੋਈਆਂ ਹਨ।

Video Ad