Home ਤਾਜ਼ਾ ਖਬਰਾਂ ਸੰਸਦ ’ਚ ਬੀਬੀ ਬਾਦਲ ਦੇ ਮਾਨ ’ਤੇ ਤਨਜ਼ ਦਾ ਕੱਚ ਸੱਚ

ਸੰਸਦ ’ਚ ਬੀਬੀ ਬਾਦਲ ਦੇ ਮਾਨ ’ਤੇ ਤਨਜ਼ ਦਾ ਕੱਚ ਸੱਚ

0
ਸੰਸਦ ’ਚ ਬੀਬੀ ਬਾਦਲ ਦੇ ਮਾਨ ’ਤੇ ਤਨਜ਼ ਦਾ ਕੱਚ ਸੱਚ

ਕਮਲਜੀਤ ਸਿੰਘ ਬਨਵੈਤ, ਫੋਨ ਨੰਬਰ : 98147-34035

ਅਕਾਲੀ ਐਮਪੀ ਨੇ ਭਾਸ਼ਣ ਦੌਰਾਨ ਨਹੀਂ ਵਰਤਿਆ ਸੰਜ਼ਮ

ਸੀਐਮ ਮਾਨ ਦੇ ਘਰ ਤੱਕ ਕੀਤੇ ਤਿੱਖੇ ਸ਼ਬਦੀ ਵਾਰ

ਨਸ਼ਿਆਂ ਦੀ ਤਸਕਰੀ ’ਚ ਪੰਜਾਬ ’ਤੇ ਪਹਿਲੇ ਨੰਬਰ ਦਾ ਲਾ ਦਿੱਤਾ ਟੈਗ

ਵਿਵਾਦਤ ਬਿਆਨ ’ਤੇ ਰਾਹੁਲ ਗਾਂਧੀ ਨੂੰ ਪਿਆ ਸੀ ਘੇਰਾ

ਹੁਣ ਬੀਬਾ ਬਾਦਲ ਨੇ ਖੜ੍ਹਾ ਕਰ ਦਿੱਤਾ ਬਖੇੜਾ

ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਨੇ ਕਈ ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਜਦੋਂ ਕਹਿ ਦਿੱਤਾ ਸੀ ਕਿ ਪੰਜਾਬ ਦੇ 80 ਫੀਸਦੀ ਨੌਜਵਾਨ ਨਸ਼ਾ ਕਰ ਰਹੇ ਹਨ ਤਾਂ ਚਾਰੇ ਪਾਸਿਓਂ ਬਾਵੇਲਾ ਖੜ੍ਹਾ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਸਣੇ ਸਾਰੀਆਂ ਸਿਆਸੀ ਪਾਰਟੀਆਂ ਨੇ ਰਾਹੁਲ ਗਾਂਧੀ ਨੂੰ ਸਾਲਾਂਬੱਧੀ ਘੇਰੀ ਰੱਖਿਆ। ਲੋਕ ਸਭਾ ਵਿੱਚ ਲੰਘੇ ਕੱਲ੍ਹ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਭਾਸ਼ਣ ਦੌਰਾਨ ਸੰਜ਼ਮ ਬਣਾ ਕੇ ਨਹੀਂ ਰੱਖਿਆ। ਉਨ੍ਹਾਂ ਨੇ ਲੋਕ ਸਭਾ ਦੇ ਸੈਸ਼ਨ ਦੌਰਾਨ ਪੰਜਾਬ ’ਤੇ ਨਸ਼ਿਆਂ ਦੀ ਤਸਕਰੀ ਵਿੱਚ ਪਹਿਲੇ ਨੰਬਰ ’ਤੇ ਹੋਣ ਦਾ ਟੈਗ ਲਾ ਦਿੱਤਾ। ਉਨ੍ਹਾਂ ਨੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਂ ਲਏ ਬਗ਼ੈਰ ਡਰਿੰਕ ਕਰਕੇ ਸਟੇਟ ਡਰਾਈਵ ਕਰਨ ਦਾ ਦੋਸ਼ ਲਾ ਦਿੱਤਾ। ਇਸ ਤੋਂ ਵੀ ਅੱਗੇ ਜਾਂਦਿਆਂ ਉਨ੍ਹਾਂ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਸੰਸਦ ਵਿੱਚ ਪੀ ਕੇ ਆਉਣ ਦੀ ਤੋਹਮਤ ਵੀ ਲਾ ਦਿੱਤੀ। ਪੇਸ਼ ਐ ਇਸ ਸਬੰਧੀ ਸਾਡੀ ਖਾਸ ਰਿਪੋਰਟ..
ਲੋਕ ਸਭਾ ਮੁਲਕ ਦਾ ਪਵਿੱਤਰ ਸਦਨ ਹੈ, ਜਿੱਥੇ ਦੇਸ਼ ਦੇ ਹਰੇਕ ਸੂਬੇ ਤੋਂ ਪ੍ਰਤੀਨਿਧ ਜੁੜਦੇ ਹਨ। ਲੋਕ ਸਭਾ ਦੀ ਕਾਰਵਾਈ ਸਰਕਾਰੀ ਤੌਰ ’ਤੇ ਰਿਕਾਰਡ ਹੁੰਦੀ ਹੈ ਅਤੇ ਇਸ ਦਾ ਬਕਾਇਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਅਸਲ ਵਿੱਚ ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਮੈਂਬਰ ਸਰਕਾਰ ਤੋਂ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਬਜਾਏ, ਉਨ੍ਹਾਂ ਲਈ ਹੋਰ ਮੁੜ ਵਸੇਬਾ ਕੇਂਦਰ ਬਣਾਏ ਜਾਣ ਦੀ ਮੰਗ ਕਰ ਰਹੇ ਸਨ। ਨਸ਼ਿਆਂ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਘੇਰਿਆ ਵੀ ਅਤੇ ਚਿੰਤਾ ਵੀ ਪ੍ਰਗਟ ਕੀਤੀ, ਪਰ ਇਹ ਚਰਚਾ ਪੂਰੇ ਮੁਲਕ ਦੀ ਥਾਂ ਪੰਜਾਬ ’ਤੇ ਆ ਕੇ ਕੇਂਦਰਿਤ ਹੋ ਗਈ। ਕਾਂਗਰਸੀ ਸੰਸਦ ਮੈਂਬਰਾਂ ਨੇ ਨਸ਼ਿਆਂ ਦੀ ਸਮੱਸਿਆ ਨੂੰ ਅੱਤਵਾਦ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਦੋਹਾਂ ਨਾਲ ਬਰਾਬਰ ਦੇ ਕਰੜੇ ਹੱਥੀਂ ਨਜਿੱਠਣ ਦੀ ਲੋੜ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਜਲੰਧਰ ਤੋਂ ਸੰਤੋਖ ਸਿੰਘ ਚੌਧਰੀ, ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਮਹਾਰਾਸ਼ਟਰ ਦੇ ਲੋਕ ਸਭਾ ਅਮਰਾਵਤੀ ਤੋਂ ਨਵਨੀਤ ਕੌਰ ਰਾਣਾ ਆਦਿ ਨੇ ਪੰਜਾਬ ਦੇ ਹਾਲਾਤ ’ਤੇ ਫਿਕਰਮੰਦੀ ਜ਼ਾਹਿਰ ਕੀਤੀ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਾਂ ਆਮ ਆਦਮੀ ਪਾਰਟੀ ’ਤੇ ਤਿੱਖੇ ਸ਼ਬਦਾਂ ਦੇ ਤੀਰ ਦਾਗਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੜਕਾਂ ’ਤੇ ਤਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਦੇ ਹੋਰਡਿੰਗਜ਼ ਲੱਗੇ ਹੁੰਦੇ ਹਨ, ਪਰ ਪੰਜਾਬ ਵਿੱਚ ਤਾਂ ਸਰਕਾਰ ਹੀ ਡਰਿੰਕ ਕਰਕੇ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਦੋਸ਼ੀ ਠਹਿਰਾਇਆ। ਬੀਬਾ ਬਾਦਲ ਨੇ ਕਿਹਾ ਕਿ ਸਾਲ ਪਹਿਲਾਂ ਤੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਪਾਰਲੀਮੈਂਟ ਅੰਦਰ ਸਵੇਰੇ 11 ਵਜੇ ਹੀ ਨਸ਼ੇ ਦੀ ਹਾਲਤ ਵਿੱਚ ਆਉਂਦੇ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਬੈਠੇ ਸੰਸਦ ਮੈਂਬਰ ਨੇ ਸਪੀਕਰ ਤੋਂ ਸੀਟ ਬਦਲਣ ਦੀ ਮੰਗ ਕਰ ਦਿੱਤੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ 21 ਸਤੰਬਰ ਨੂੰ ਭਗਵੰਤ ਸਿੰਘ ਮਾਨ ਨੂੰ ਫਰੈਂਕਫਰਟ ਤੋਂ ਦਿੱਲੀ ਦੀ ਉਡਾਣ ਵਿੱਚੋਂ ਇਸ ਕਰਕੇ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹ ਨਸ਼ੇ ਦੀ ਹਾਲਤ ਵਿੱਚ ਸਨ। ਇਸ ਤੋਂ ਵੀ ਅੱਗੇ ਜਾਂਦਿਆਂ ਉਨ੍ਹਾਂ ਨੇ ਕਿਹਾ ਕਿ ਚੋਣਾਂ ਵੇਲੇ ਭਗਵੰਤ ਸਿੰਘ ਮਾਨ ਨੇ ਆਪਣੀ ਮਾਂ ਦੀ ਸਹੁੰ ਖਾ ਕੇ ਸ਼ਰਾਬ ਨੂੰ ਹੱਥ ਨਾ ਲਾਉਣ ਦਾ ਵਾਅਦਾ ਕੀਤਾ ਸੀ, ਜਿਹੜਾ ਕਿ ਪੁੱਗ ਨਾ ਸਕਿਆ।
ਦਲ ਦੀ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਹੈ। ਇਸ ਕਰਕੇ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਾੜ ਵੀ ਖਾਣੀ ਪਈ ਹੈ। ਉਨ੍ਹਾਂ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ 10 ਦਿਨਾਂ ਵਿੱਚ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਵੀ ਚੇਤੇ ਕਰਾਇਆ। ਬੀਬੀ ਬਾਦਲ, ਜਿਹੜੇ ਕਿ ਤਿੱਖੀ ਸ਼ਬਦਾਵਲੀ ਲਈ ਜਾਣੇ ਜਾਂਦੇ ਹਨ, ਨੇ ਇੱਕ ਹੋਰ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਨਸ਼ਿਆਂ ਨੇ ਨਾ ਸਿਰਫ਼ ਪੰਜਾਬ ਨੂੰ ਅਸਥਿਰ ਕੀਤਾ ਹੈ, ਸਗੋਂ ਦੇਸ਼ ਦੀ ਕੌਮੀ ਸੁਰੱਖਿਆ ਨੂੰ ਵੀ ਖ਼ਤਰਾ ਖੜ੍ਹਾ ਕੀਤਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਸੂਬੇ ਵਿੱਚ ਆਰਪੀਜੀ ਹਮਲੇ ਹੋਏ ਹਨ।
ਬੀਬੀ ਬਾਦਲ ਵੱਲੋਂ ਪੰਜਾਬ ਦੀ ਲੋਕ ਸਭਾ ਵਿੱਚ ਪੇਸ਼ ਕੀਤੀ ਤਸਵੀਰ ਸੱਚ ਦੇ ਨੇੜੇ ਹੋ ਸਕਦੀ ਹੈ, ਪਰ ਪਾਰਲੀਮੈਂਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਭੰਡਣ ਲਈ ਵਰਤੀ ਭਾਸ਼ਾ ਸੰਜਮਤਾ ਤੋਂ ਕੋਹਾਂ ਦੂਰ ਲਗਦੀ ਹੈ। ਸੰਸਦ ਵਿੱਚ ਪੰਜਾਬ ਵਿੱਚ ਨਸ਼ਿਆਂ ਦੇ ਵਗਦੇ 6ਵੇਂ ਦਰਿਆ ਬਾਰੇ ਚਿੰਤਾ ਕਰਨ ਤੱਕ ਦਾ ਮਾਮਲਾ ਤਾਂ ਫਿਕਰਮੰਦੀ ਵਿੱਚੋਂ ਨਿਕਲੀ ਚੀਸ ਹੋ ਸਕਦੀ ਹੈ, ਪਰ ਸਿਆਸੀ ਲਾਹਾ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਤੱਕ ਜਾਣਾ ਵਾਜਬ ਨਹੀਂ ਹੈ। ਕੀ ਸਾਡੇ ਚੇਤਿਆਂ ਵਿੱਚੋਂ ਸੱਚੀ ਵਿਸਰ ਗਿਆ ਹੈ ਕਿ ਜਦੋਂ ‘ਉਡਦਾ ਪੰਜਾਬ’ ਫਿਲਮ ਬਣੀ ਸੀ ਤਾਂ ਅਸੀਂ ਪੰਜਾਬੀ ਕਿੰਨਾ ਤੜਪ ਉੱਠੇ ਸਾਂ?
ਇੰਝ ਲੱਗ ਰਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਾਣਬੁਝ ਕੇ ਸ਼ਕੀਰੀ ਪਗਾਈ ਹੋਵੇ। ਉਨ੍ਹਾਂ ਨੇ ਆਪਣੇ ਲੈਕਚਰ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਨਸ਼ੇ ਖਤਮ ਕਰਨ ਦੀ ਖਾਧੀ ਸਹੁੰ ਬਿਲਕੁਲ ਹੀ ਭੁਲਾ ਦਿੱਤੀ ਹੈ। ਪੰਜਾਬ ਦੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਅੰਦਰ ਨਸ਼ਿਆਂ ਦੇ ਵਗਣੇ ਸ਼ੁਰੂ ਹੋਏ 6ਵੇਂ ਦਰਿਆ ਨੂੰ ਵੀ ਜਾਣ-ਬੁਝ ਕੇ ਨਹੀਂ ਛੇੜਿਆ ਗਿਆ। ਚਰਚਾ ਤਾਂ ਇਹ ਵੀ ਹੈ ਕਿ ‘ਮਾਫ਼ੀਆ’ ਸ਼ਬਦ ਹੀ ਅਕਾਲੀਆਂ ਦੇ ਰਾਜ ਵੇਲੇ ਹੋਂਦ ਵਿੱਚ ਆਇਆ ਸੀ। ਸੱਚ ਕਹੀਏ ਤਾਂ ਭਾਸ਼ਣ ਵਿੱਚ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਮਾਝੇ ਦੇ ਜਰਨੈਲ ਨਾਂ ਨਾਲ ਜਾਣੇ ਜਾਂਦੇ ਲੀਡਰ ਸਮੇਤ ਕਈ ਹੋਰਾਂ ਨੂੰ ਨਸ਼ਿਆਂ ਦੇ ਕਾਰੋਬਾਰ ਦੀ ਸਰਪ੍ਰਸਤੀ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਗੁੜ ਨਾਲ ਚਨੇ ਚੱਬਣੇ ਪਏ ਹਨ। ਹੋ ਸਕਦੈ ਪੰਜਾਬ ਦੇ ਕਈ ਸੰਸਦ ਮੈਂਬਰਾਂ ਨੇ ਬੀਬੀ ਬਾਦਲ ਨੂੰ ਵਿੱਚੋਂ ਟੋਕਣਾ ਵੀ ਚਾਹਿਆ ਹੋਵੇ, ਪਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਜਿਵੇਂ ਘੂਰਿਆ, ਸਾਰਿਆਂ ਦੀਆਂ ਉਠੀਆਂ ਉਂਗਲਾਂ ਉੱਥੇ ਦੀਆਂ ਉੱਥੇ ਰਹਿ ਗਈਆਂ ਹੋਣਗੀਆਂ।
ਇਹ ਤਾਂ ਹੋ ਸਕਦੈ ਕਿ ਹਰਸਿਮਰਤ ਕੌਰ ਬਾਦਲ ਨੇ ਆਪਣੇ ਤਿੱਖੇ ਭਾਸ਼ਣ ਰਾਹੀਂ ਅਕਾਲੀ ਦਲ ਦੇ ਪੁਰਾਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰ ਲਿਆ ਹੋਵੇ ਜਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਨਿਰਾਸ਼ਾਜਨਕ ਹਾਰ ਦਾ ਬਦਲਾ ਲੈਣ ਨਾਲ ਉਨ੍ਹਾਂ ਦੇ ਸੀਨੇ ਠੰਢ ਪੈ ਗਈ ਹੋਵੇ, ਪਰ ਸੰਜਮ ਵਿੱਚ ਰਹਿ ਕੇ ਭਾਸ਼ਾ ਵਰਤੀ ਗਈ ਹੁੰਦੀ ਤਾਂ ਉਹ ਵਧੇਰੇ ਵਾਹ-ਵਾਹ ਖੱਟ ਸਕਦੇ ਸਨ। ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਇਹ ਮੁਢਲੀ ਡਿਊਟੀ ਬਣਦੀ ਹੈ ਕਿ ਉਹ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਨਾਪਤੋਲ ਕੇ ਸ਼ਬਦ ਵਰਤਣ। ਬੀਬੀ ਬਾਦਲ ਵੱਲੋਂ ਬੋਲੀ ਸ਼ਬਦਾਵਲੀ ਨਾਲ ਸੁਚੇਤ ਮਨਾਂ ਵਿੱਚ ਇਹ ਸਵਾਲ ਮੁੜ ਖੜ੍ਹਾ ਹੋ ਰਿਹਾ ਹੈ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕਿਹੜਾ ਮਾਡਲ ਦੇ ਰਹੇ ਹਾਂ। ਸੱਚ ਮੁੱਚ ਹੀ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਅਕਸਰ ਲੜਾਈ ਦਾ ਅਖਾੜਾ ਬਣਨ ’ਤੇ ਚਿੰਤਾ ਕਰਨੀ ਬਣਦੀ ਵੀ ਹੈ।