Home ਅਮਰੀਕਾ ਨਿਊਯਾਰਕ ’ਚ ਤੀਆਂ ਮੌਕੇ ਲੱਗੀਆਂ ਰੌਣਕਾਂ

ਨਿਊਯਾਰਕ ’ਚ ਤੀਆਂ ਮੌਕੇ ਲੱਗੀਆਂ ਰੌਣਕਾਂ

0
ਨਿਊਯਾਰਕ ’ਚ ਤੀਆਂ ਮੌਕੇ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ’ਚ ਹੋਇਆ ਰਿਕਾਰਡ ਤੋੜ ਇਕੱਠ

ਹਜ਼ਾਰਾਂ ਦੀ ਗਿਣਤੀ ’ਚ ਬੀਬੀਆਂ ਨੇ ਕੀਤੀ ਸ਼ਮੂਲੀਅਤ

ਨਿਊਯਾਰਕ, 9 ਅਗਸਤ (ਰਾਜ ਗੋਗਨਾ ) : ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 15ਵਾਂ ਸਾਲਾਨਾ ਤੀਆਂ ਦਾ ਮੇਲਾ ‘ਤੀਆਂ ਤੀਜ ਦੀਆਂ’ ਐਲਕ ਗਰੋਵ ਰਿਜਨਲ ਪਾਰਕ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ।
ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਇਨ੍ਹਾਂ ਤੀਆਂ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਪ੍ਰਬੰਧਕਾਂ ਵੱਲੋਂ ਸਟੇਜ ਨੂੰ ਚਰਖੇ, ਪੱਖੀਆਂ, ਛੱਜ, ਢੋਲ, ਫੁਲਕਾਰੀਆਂ, ਬਾਜ, ਮੰਜੇ, ਦਰੀਆਂ, ਗਾਗਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੱਭਿਆਚਾਰਕ ਵਸਤੂਆਂ ਨਾਲ ਸਜਾਇਆ ਗਿਆ ਸੀ।
ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ਵਿਚ ਦਰੱਖਤਾਂ ਦੀ ਛਾਂ ਹੇਠ ਲੱਗੀਆਂ ਇਨ੍ਹਾਂ ਤੀਆਂ ਵਿਚ ਬੀਬੀਆਂ ਰੰਗ-ਬਿਰੰਗੀਆਂ ਪੌਸ਼ਾਕਾਂ ਪਾ ਕੇ ਪਹੁੰਚੀਆਂ। ਇਨ੍ਹਾਂ ਤੀਆਂ ਦੇ ਮੇਲੇ ਵਿਚ 52 ਬੂਥ ਲੱਗੇ ਹੋਏ ਸਨ, ਜਿੱਥੋਂ ਬੀਬੀਆਂ ਨੇ ਕੱਪੜੇ, ਪੰਜਾਬੀ ਜੁੱਤੀਆਂ, ਗਹਿਣੇ, ਪਰਾਂਦੇ, ਫੁਲਕਾਰੀਆਂ ਆਦਿ ਦੀ ਖਰੀਦੋ-ਫਰੋਖਤ ਕੀਤੀ।
ਖਾਣ-ਪੀਣ ਦੇ ਸਟਾਲਾਂ ’ਤੇ ਵੀ ਬੀਬੀਆਂ ਦੀਆਂ ਲੰਮੀਆਂ ਲਾਇਨਾਂ ਦੇਖਣ ਨੂੰ ਮਿਲੀਆਂ। ਪੰਜਾਬ ਵਾਂਗ ਇਥੇ ਦਰੱਖਤਾਂ ’ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇਕ ਵੱਖਰਾ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਸਮਾਗਮ ਦੀ ਸ਼ੁਰੂਆਤ ਵਿਚ ਇਨ੍ਹਾਂ ਤੀਆਂ ਦੀ ਆਰਗੇਨਾਈਜ਼ਰ ਪਿੰਕੀ ਰੰਧਾਵਾ ਨੇ ਸਮੂਹ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਤੋਂ ਬਾਅਦ ਬੀਬੀਆਂ ਨੇ ਸਟੇਜ ਤੋਂ ਸੁਹਾਗ, ਘੋੜੀਆਂ, ਟੱਪੇ ਆਦਿ ਗਾ ਕੇ ਤੀਆਂ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਗਿੱਧਾ, ਬੋਲੀਆਂ, ਗੀਤ-ਸੰਗੀਤ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ।