
ਹਲਦੀ ਅਤੇ ਚੰਦਨ ਪਾਊਡਰ ਨੂੰ ਦੁੱਧ ਨਾਲ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰਦੇ ਰਹਿਣ ਨਾਲ ਚਿਹਰਾ ਨਿੱਖਰ ਜਾਂਦਾ ਹੈ। ਕੋਈ ਵੀ ਸੱਟ ਆਦਿ ਲੱਗੀ ਹੋਵੇ ਤਾਂ ਗਰਮ/ਕੋਸੇ ਦੁੱਧ ਨਾਲ ਹਲਦੀ ਲੈਣ ਨਾਲ ਅਰਾਮ ਮਿਲਦਾ ਹੈ ਕਿਉਂਕਿ ਇਹ ਦਰਦ ਨਾਸ਼ਕ ਅਤੇ ਸੋਜ਼ ਉਤਾਰਨ ਵਾਲੇ ਗੁਣ ਰੱਖਦੀ ਹੈ। ਦੁੱਧ ਨਾਲ ਲੈਣ ’ਤੇ ਇਹ ਬਲੱਡ-ਸ਼ੂਗਰ ਦਾ ਪੱਧਰ ਵੀ ਕੰਟਰੋਲ ਕਰਦੀ ਹੈ। ਇਹ ਗਠੀਏ ਦੀ ਤਕਲੀਫ਼ ਨੂੰ ਕਾਫ਼ੀ ਘਟਾਉਂਦੀ ਹੈ ਅਤੇ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਸ ਵਿੱਚ ਕੈਂਸਰ ਵਿਰੋਧੀ ਗੁਣ ਵੀ ਹੁੰਦਾ ਹੈ। ਛਾਲੇ, ਭਾਵੇਂ ਉਹ ਬਵਾਸੀਰ ਦੇ ਹੋਣ ਤੇ ਭਾਵੇਂ ਸੜ ਜਾਣ ਕਾਰਨ, ਹਲਦੀ ਪਾਊਡਰ ਛਿੜਕਣ ਨਾਲ ਵਧੇਰੇ ਛੇਤੀ ਠੀਕ ਹੁੰਦੇ ਹਨ। ਸੋਜ਼ ਜਾਂ ਦਰਦ ਵਾਲੀ ਥਾਂ ’ਤੇ ਹਲਦੀ ਦਾ ਪੇਸਟ ਲਾਉਣ ਨਾਲ ਸੋਜ਼ ਅਤੇ ਦਰਦ ਤੋਂ ਅਰਾਮ ਮਿਲਦਾ ਹੈ। ਆਯੁਰਵੈਦਿਕ ਇਲਾਜ ਪੱਧਤੀ ਵਿੱਚ ਹਲਦੀ ਦੀ ਵੱਡੇ ਪੱਧਰ ’ਤੇ ਵਰਤੋਂ ਹੁੰਦੀ ਹੈ। ਇਸ ਪੱਧਤੀ ਅਨੁਸਾਰ ਹਲਦੀ ਦੀ ਤਾਸੀਰ ਗਰਮ ਅਤੇ ਖ਼ੁਸ਼ਕ ਹੁੰਦੀ ਹੈ। ਇਹ ਖੰਘ ਅਤੇ ਪਿੱਤ ਦੋਸ਼ਾਂ ਨੂੰ ਦੂਰ ਕਰਦੀ ਹੈ। ਇਸ ਦਾ ਕੋਈ ਬੁਰਾ ਪ੍ਰਭਾਵ ਵੀ ਨਹੀਂ ਮੰਨਿਆ ਗਿਆ। ਇਹ ਲੋੜ ਅਨੁਸਾਰ ਕੋਸੇ ਪਾਣੀ, ਚਾਹ ਜਾਂ ਗਰਮ ਦੁੱਧ ਨਾਲ ਤਕਲੀਫ਼ ਦੇ ਹਿਸਾਬ ਨਾਲ ਦਿਨ ਵਿੱਚ ਇੱਕ ਤੋਂ ਲੈ ਕੇ ਚਾਰ-ਪੰਜ ਵਾਰੀ ਲਈ ਜਾ ਸਕਦੀ ਹੈ।
ਖੰਘ, ਜ਼ੁਕਾਮ, ਬੁਖਾਰ ਆਦਿ ਦੇ ਇਲਾਜ ਵਿੱਚ ਹਲਦੀ ਬਹੁਤ ਸਹਾਈ ਹੁੰਦੀ ਹੈ। ਜੁਆਨ ਹੋ ਰਹੇ ਮੁੰਡੇ-ਕੁੜੀਆਂ, ਜੇ ਚਿਹਰੇ ਦੇ ਕਿੱਲ-ਮੁਹਾਸਿਆਂ ਤੋਂ ਪਰੇਸ਼ਾਨ ਹੋਣ ਤਾਂ ਹਲਦੀ ਦਾ ਸੇਵਨ ਅਤੇ ਚਿਹਰੇ ਉੱਪਰ ਮਾਲਸ਼ ਬਹੁਤ ਹੀ ਫਾਇਦੇਮੰਦ ਰਹਿੰਦੀ ਹੈ।
ਹਲਦੀ ਦਾ ਪੀਲਾ ਰੰਗ ਇਸ ਵਿੱਚ ਮੌਜੂਦ ਇੱਕ ਵਿਸ਼ੇਸ਼ ਯੋਗਿਕ ਕਾਰਨ ਹੁੰਦਾ ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ਕਰਕਿਊਮਨ ਕਹਿੰਦੇ ਹਨ। ਉਂਜ ਹਲਦੀ ਵਿੱਚ ਪ੍ਰੋਟੀਨ, ਚਰਬੀ, ਰੇਸ਼ਾ, ਕਾਫ਼ੀ ਜ਼ਿਆਦਾ ਕਾਰਬੋਹਾਈਡਰੇਟ, ਵਿਟਾਮਿਨ ‘ਏ‘, ਵਿਟਾਮਿਨ ‘ਬੀ‘, ਕੈਲਸ਼ੀਅਮ, ਫਾਸਫੋਰਸ ਤੇ ਲੋਹੇ ਵਰਗੇ ਖਣਿਜ ਪਦਾਰਥ ਹੁੰਦੇ ਹਨ ਜੋ ਕਿ ਸਰੀਰ ਲਈ ਲਾਹੇਵੰਦ ਹੁੰਦੇ ਹਨ।
ਜੇ ਕਿਸੇ ਬੀਮਾਰੀ ਲਈ ਅੰਗਰੇਜ਼ੀ ਜਾਂ ਦੇਸੀ ਦਵਾਈ ਖਾਧੀ ਜਾ ਰਹੀ ਹੋਵੇ ਤਾਂ ਵੀ ਉਸ ਬੀਮਾਰੀ ਦੇ ਇਲਾਜ ਲਈ ਹਲਦੀ ਖਾਣ ਉੱਪਰ ਰੋਕ ਨਹੀਂ ਲਾਈ ਜਾਂਦੀ ਕਿਉਂਕਿ ਹਲਦੀ ਅਜਿਹੇ ਇਲਾਜ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪਾਉਂਦੀ, ਸਗੋਂ ਇਹ ਖਾਧੀ ਜਾ ਰਹੀ ਦਵਾਈ ਦਾ ਪ੍ਰਭਾਵ ਵਧਾਉਂਦੀ ਹੈ। ਹਲਦੀ ਨੂੰ ਭਾਰਤੀ ਕੇਸਰ ਵੀ ਕਿਹਾ ਜਾਂਦਾ ਹੈ। ਗਰਮੀਆਂ ਵਿੱਚ ਰਸੋਈ ਵਿਚੋਂ ਕੀੜੇ, ਕੀੜੀਆਂ ਆਦਿ ਨੂੰ ਭਜਾਉਣ ਲਈ ਹਲਦੀ ਪਾਊਡਰ ਛਿੜਕਿਆ ਜਾ ਸਕਦਾ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਦੇ ਵੱਖੋ-ਵੱਖ ਨਾਂ ਹੋ ਸਕਦੇ ਹਨ। ਉਦਾਹਰਨ ਵਜੋਂ ਇਸ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਹਲਦੀ; ਸੰਸਕ੍ਰਿਤ ਵਿੱਚ ਹਰਿਦਰਾ ਜਾਂ ਕਾਂਚਨੀ; ਬੰਗਲਾ ਭਾਸ਼ਾ ਵਿੱਚ ਹਲੁਦ ਅਤੇ ਹਰਿਦਰਾ; ਮਰਾਠੀ ਵਿੱਚ ਹਲਦ; ਗੁਜਰਾਤੀ ਵਿੱਚ ਹਲਦਰ; ਕੰਨੜ ਵਿੱਚ ਅਰਸੀਨ; ਤੇਲਗੂ ਵਿੱਚ ਪਾਸੁਪੂ; ਫ਼ਾਰਸੀ ਵਿੱਚ ਜਰਦਪੋਪ ਅਤੇ ਅੰਗਰੇਜ਼ੀ ਵਿੱਚ ਟਰਮਰਿਕ ਕਹਿੰਦੇ ਹਨ।