ਕੈਨੇਡਾ ਦੀਆਂ ਸੜਕਾਂ ’ਤੇ ਉਤਰੇ ਹਜ਼ਾਰਾਂ ਪ੍ਰਵਾਸੀ

ਟੋਰਾਂਟੋ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀਆਂ ਸੜਕਾਂ ’ਤੇ ਐਤਵਾਰ ਨੂੰ ਪ੍ਰਵਾਸੀਆਂ ਦਾ ਹੜ੍ਹ ਨਜ਼ਰ ਆਇਆ ਜੋ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਸਨ। ਟੋਰਾਂਟੋ ਸਣੇ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਹਮਾਇਤ ਵਿਚ ਰੈਲੀਆਂ ਹੋਈਆਂ ਅਤੇ ਲਿਬਰਲ ਸਰਕਾਰ ਨੂੰ ਜਲਦ ਤੋਂ ਜਲਦ ਇਤਿਹਾਸਕ ਫੈਸਲਾ ਲੈਣ ਦੀ ਅਪੀਲ ਕੀਤੀ ਗਈ। ਟੋਰਾਂਟੋ ਤੋਂ ਇਲਾਵਾ ਵੈਨਕੂਵਰ, ਐਡਮਿੰਟਨ, ਮੌਂਟਰੀਅਲ, ਫਰੈਡਰਿਕਟਨ ਅਤੇ ਸੇਂਟ ਜੌਹਨਜ਼ ਸਣੇ 13 ਸ਼ਹਿਰਾਂ ਵਿਚ ਪ੍ਰਵਾਸੀਆਂ ਨੇ ਵੱਡੇ ਇਕੱਠ ਕੀਤੇ। ਟੋਰਾਂਟੋ ਵਿਖੇ ਭਾਰੀ ਬਾਰਸ਼ ਵੀ ਪ੍ਰਵਾਸੀਆਂ ਦੇ ਹੌਸਲੇ ਪਸਤ ਨਾ ਕਰ ਸਕੀ ਜੋ ਲਗਾਤਾਰ ਕੱਚੇ ਪ੍ਰਵਾਸੀਆਂ ਲਈ ਪੀ.ਆਰ. ਦੀ ਮੰਗ ਕਰ ਰਹੇ ਸਨ। ਪ੍ਰਵਾਸੀਆਂ ਦੀ ਹਮਾਇਤ ਵਿਚ ਕਿਰਤੀ ਜਥੇਬੰਦੀਆਂ ਦੇ ਮੈਂਬਰ ਵੀ ਸ਼ਾਮਲ ਹੋਏ। ਬਚਪਨ ਵਿਚ ਆਪਣੇ ਪਰਵਾਰ ਨਾਲ ਮੈਕਸੀਕੋ ਤੋਂ ਕੈਨੇਡਾ ਪੁੱਜੇ ਇਕ ਨੌਜਵਾਨ ਨੇ ਰੈਲੀ ਦੌਰਾਨ ਦੱਸਿਆ ਕਿ ਉਸ ਦੇ ਪਰਵਾਰ ਸਿਹਤ ਸਹੂਲਤਾਂ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਕੋਈ ਇੰਮੀਗ੍ਰੇਸ਼ਨ ਸਟੇਟਸ ਨਾ ਹੋਣ ਕਾਰਨ ਕੈਨੇਡਾ ਬਾਹਰ ਨਹੀਂ ਜਾ ਸਕਦੇ। ਇੰਮੀਗ੍ਰੇਸ਼ਨ ਸਟੇਟਸ ਨਾ ਹੋਣ ਕਾਰਨ ਕੰਮ ਦੌਰਾਨ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ 5 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੇ ਸੰਕੇਤ ਦੇ ਚੁੱਕੀ ਹੈ ਪਰ ਇਸ ਬਾਰੇ ਰਸਮੀ ਤੌਰ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ।

Video Ad
Video Ad