
ਜਸਰਾਜ ਸਿੰਘ ਹੱਲਣ ਸਣੇ ਦੋ ਕੰਜ਼ਰਵੇਟਿਵ ਐਮਪੀਜ਼ ਨੇ ਸਾਧੇ ਤਿੱਖੇ ਨਿਸ਼ਾਨੇ
ਕਿਹਾ : ਵਾਅਦੇ ਤੋਂ ਭੱਜੀ ਲਿਬਰਲ ਸਰਕਾਰ
ਕੈਲਗਰੀ, 16 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਫ਼ਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਏ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਜਸਰਾਜ ਸਿੰਘ ਹੱਲਣ ਸਣੇ ਕੰਜ਼ਰਵੇਟਿਵ ਪਾਰਟੀ ਦੇ ਦੋ ਐਮਪੀਜ਼ ਨੇ ਕੈਨੇਡਾ ਦੀ ਲਿਬਰਲ ਸਰਕਾਰ ’ਤੇ ਜਮ ਕੇ ਨਿਸ਼ਾਨੇ ਸਾਧੇ।
ਵਾਅਦੇ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਵਿਰੋਧੀ ਧਿਰ ਦੇ ਐਮਪੀਜ਼ ਨੇ ਕਿਹਾ ਕਿ ਟਰੂਡੋ ਸਰਕਾਰ ਨੇ ਅਫ਼ਗਾਨਿਸਤਾਨ ਵਿੱਚ ਫਸੇ ਦੁਭਾਸ਼ੀਆਂ ਤੇ ਹੋਰ ਲੋਕਾਂ ਨੂੰ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਉਹ ਇਸ ਤੋਂ ਮੁਕਰ ਰਹੀ ਹੈ।
ਇੱਕ ਸਾਲ ਪਹਿਲਾਂ ਜਦੋਂ ਅਫ਼ਗਾਨਿਸਤਾਨ ’ਤੇ ਤਾਲਿਬਾਨੀਆਂ ਦਾ ਕਬਜ਼ਾ ਹੋਇਆ, ਉਸ ਵੇਲੇ ਕੈਨੇਡਾ ਸਰਕਾਰ ਨੇ ਉੱਥੇ ਫਸੇ ਦੁਭਾਸ਼ੀਆਂ ਤੇ ਨਾਟੋ ਮਿਸ਼ਨ ਦੌਰਾਨ ਕੈਨੇਡੀਅਨ ਫੌਜੀਆਂ ਦੀ ਮਦਦ ਕਰਨ ਵਾਲੇ ਹੋਰ ਅਫ਼ਗਾਨੀਆਂ ਨੂੰ ਆਪਣੇ ਦੇਸ਼ ਵਿੱਚ ਪਨਾਹ ਦੇਣ ਦਾ ਵਾਅਦਾ ਕੀਤਾ ਸੀ।
ਕਾਫ਼ੀ ਅਫ਼ਗਾਨੀ ਇਸ ਮੁਹਿੰਮ ਤਹਿਤ ਕੈਨੇਡਾ ਪਹੁੰਚ ਵੀ ਗਏ, ਪਰ ਹੁਣ ਵੀ ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਨੇ।