ਡਾਹਢੇ ਦਾ ਸੱਤੀਂ ਵੀਹੀਂ ਸੌ…

ਸਿਆਣਿਆਂ ਦੀ ਇਹ ਕਹਾਵਤ ਅੱਜ ਯੂਕਰੇਨ – ਰੂਸ ਯੁੱਧ ਬਾਬਤ ਸ਼ਕਤੀਸ਼ਾਲੀ ਤੇ ਪ੍ਰਬਲ ਪ੍ਰਮਾਣੂ ਸਮਰੱਥ ਦੇਸ਼ ਰੂਸ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ , ਜਿਸ ਨੇ ਵਿਸ਼ਵ ਪੱਧਰੀ ਸੰਸਥਾਵਾਂ ਵੱਲੋਂ ਸਮਝਾਉਣ ਤੇ ਯੁੱਧ ਰੋਕ ਦੇਣ ਸੰਬੰਧੀ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਯੂਕਰੇਨ ਵਿਰੁੱਧ ਯੁੱਧ ਜਾਰੀ ਰੱਖਿਆ ਹੋਇਆ ਹੈ। ਇਸ ਖਤਰਨਾਕ ਯੁੱਧ ਵਿੱਚ ਘਾਤਕ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ।

Video Ad

ਵਾਤਾਵਰਣ ‘ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਕੀਮਤੀ ਮਨੁੱਖੀ ਜ਼ਿੰਦਗੀਆਂ ਖ਼ਤਮ ਹੋ ਰਹੀਆਂ ਹਨ। ਯੁੱਧ ਅਮੀਰ – ਗਰੀਬ , ਵੱਡੇ – ਛੋਟੇ ਜਾਂ ਕਾਲ਼ੇ – ਗੋਰੇ ਨੂੰ ਨਹੀਂ ਦੇਖਦਾ। ਯੁੱਧ ਕੇਵਲ ਤਬਾਹੀ ਲਿਆਉਂਦਾ ਹੈ ; ਜਿਸ ਦੀ ਭਰਪਾਈ/ਪੂਰਤੀ ਸ਼ਾਇਦ ਕਈ ਦਹਾਕਿਆਂ ਤੱਕ ਵੀ ਨਾ ਹੋਵੇ। ਖ਼ਤਰਾ ਇਹ ਵਧ ਰਿਹਾ ਹੈ ਕਿ ਕਿਸੇ ਗ਼ਲਤਫਹਿਮੀ ਜਾਂ ਗ਼ਲਤੀ ਨਾਲ਼ ਦੋ ਦੇਸ਼ਾਂ ਵਿੱਚ ਹੋ ਰਿਹਾ ਯੁੱਧ ਬੇਕਸੂਰ ਲੋਕਾਂ ਦੀ ਜਾਨ ਦਾ ਖੌਅ ਬਣ ਕੇ ਕਿਤੇ ਤੀਸਰੇ ਸੰਸਾਰ ਯੁੱਧ ਵਿੱਚ ਤਬਦੀਲ ਨਾ ਹੋ ਜਾਵੇ ; ਜੋ ਕੇ ਮਾਨਵ ਇਤਿਹਾਸ ਵਿੱਚ ਅੱਜ ਤੱਕ ਦੀ ਸਭ ਤੋਂ ਵੱਡੀ ਤਰਾਸਦੀ ਹੋਵੇਗੀ। ਸ਼ਕਤੀਸ਼ਾਲੀ ਦੇਸ਼ ਰੂਸ ਨੂੰ ਯੂਕਰੇਨ ਨਾਲ਼ ਸੰਜਮ ਨਾਲ਼ ਤੇ ਗੱਲਬਾਤ ਰਾਹੀਂ ਆਪਣੇ ਮੱਤਭੇਦ ਦੂਰ ਕਰ ਕੇ ਦੋਵਾਂ ਦੇਸ਼ਾਂ ਨੂੰ ਅਜਿਹੇ ਆਪਸੀ ਮੱਤਭੇਦਾਂ ਨੂੰ ਜਲਦੀ ਤੋਂ ਜਲਦੀ ਹੱਲ ਕਰ ਲੈਣ ਨੂੰ ਮਾਨਵਤਾ ਦੇ ਹਿੱਤ ਲਈ ਤਰਜੀਹ ਦੇਣੀ ਚਾਹੀਦੀ ਹੈ ; ਕਿਉਂਕਿ ਯੁੱਧ ਕਿਸੇ ਵੀ ਸਮੱਸਿਆ , ਕਿਸੇ ਵੀ ਮੱਤਭੇਦ ਜਾਂ ਕਿਸੇ ਵੀ ਗ਼ਲਤਫਹਿਮੀ ਦਾ ਕਦੇ ਹੱਲ ਨਹੀਂ ਹੁੰਦਾ।

ਯੁੱਧ ਹਮੇਸ਼ਾ ਇਨਸਾਨੀਅਤ , ਪਸ਼ੂ – ਪਰਿੰਦਿਆਂ , ਜਲ – ਥਲ , ਵਾਤਾਵਰਨ , ਕਲਾ , ਕੋਮਲ ਕਲਾਵਾਂ ਆਦਿ ਸਭ ਦੇ ਲਈ ਘਾਤਕ ਸਾਬਤ ਹੁੰਦੇ ਆਏ ਹਨ। ਯੁੱਧ ਸਾਨੂੰ ਦੁੱਖ ਦੇ ਕੇ ਹੀ ਜਾਂਦਾ ਹੈ ਤੇ ਸਾਡੀਆਂ ਖ਼ੁਸ਼ੀਆਂ ਸਾਡੇ ਪਾਸੋਂ ਖੋਹ ਲੈਂਦਾ ਹੈ। ਇਸ ਗੱਲ ਦਾ ਅਨੁਭਵ ਅੱਜ ਯੁੱਧ ਤੋਂ ਪੀਡ਼ਤ ਲੋਕ ਤੇ ਯੂਕਰੇਨ ਵਾਸੀ ਕਰ ਰਹੇ ਹਨ।

ਦੋਵੇਂ ਦੇਸ਼ਾਂ ਦੇ ਸ਼ਹੀਦ ਹੋ ਰਹੇ ਫ਼ੌਜੀਆਂ ਦੇ ਪਰਿਵਾਰਾਂ ਨੂੰ ਵੀ ਯੁੱਧ ਦਾ ਸੇਕ ਪਹੁੰਚ ਰਿਹਾ ਹੈ। ਅੱਜ ਰੂਸ ਜਿਹੇ ਸ਼ਕਤੀ ਸੰਪੰਨ ਦੇਸ਼ ਨੂੰ ਯੁੱਧ ਬੰਦ ਕਰ ਦੇਣ ਨੂੰ ਤਰਜੀਹ ਦੇਣੀ ਬਣਦੀ ਹੈ ਤੇ ਮਾਨਵਤਾ ਦੇ ਹਿਤੈਸ਼ੀ ਹੋਣ ਦਾ ਸਬੂਤ ਦੇ ਕੇ ਵਿਸ਼ਵ ਸ਼ਾਂਤੀ , ਵਿਸ਼ਵ ਭਾਈਚਾਰੇ ਅਤੇ  ਵਿਸ਼ਵ ਸੰਗਠਨਾਂ ਦੀ ਮਹਾਨਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਕਿਸੇ ਲਈ ਨਾ ਸਹੀ , ਪਰ ਮਾਨਵਤਾ ਲਈ ਤਾਂ ਇਹ ਯੁੱਧ ਰੁਕ ਜਾਵੇ। ਪਰ ਕਹੇ ਕੌਣ ; ਕਿਉਂਕਿ ਡਾਹਢੇ ਦਾ ਸੱਤੀਂ ਵੀਹੀਂ ਸੌ….

ਅੰਤਰਰਾਸ਼ਟਰੀ ਲੇਖਕ
 ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
Video Ad