
20 ਹਜ਼ਾਰ ਫੁੱਟ ਦੀ ਉਚਾਈ ’ਤੇ ਲੇਕ ਹਿਊਰਨ ਉਪਰ ਉਡ ਰਹੀ ਸੀ ‘ਸ਼ੈਅ’
ਵਾਸ਼ਿੰਗਟਨ/ਔਟਵਾ, 13 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਲੜਾਕੂ ਜਹਾਜ਼ਾਂ ਨੇ ਐਤਵਾਰ ਨੂੰ ਚੌਥੀ ‘ਉਡਣੀ ਸ਼ੈਅ’ ਤਬਾਹ ਕਰ ਦਿਤੀ ਜੋ ਲੇਕ ਹਿਊਰਨ ਉਪਰ ਮੰਡਰਾਅ ਰਹੀ ਸੀ। ਤਕਰੀਬਨ 20 ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਹੀ ‘ਸ਼ੈਅ’ ਨੂੰ ਮੁਸਾਫ਼ਰ ਜਹਾਜ਼ਾਂ ਵਾਸਤੇ ਵੱਡਾ ਖ਼ਤਰਾ ਮੰਨਦਿਆਂ ਤਬਾਹ ਕਰ ਦਿਤਾ ਗਿਆ। ਇਕ ਮਗਰੋਂ ਇਕ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਸੇ ਹੋਰ ਗ੍ਰਹਿ ਤੋਂ ਇਹ ਚੀਜ਼ਾਂ ਆਉਣ ਦਾ ਮਸਲਾ ਵੀ ਉਠਿਆ ਪਰ ਪੈਂਟਾਗਨ ਦੇ ਇਕ ਅਧਿਕਾਰੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਅਜਿਹਾ ਕੋਈ ਸਬੂਤ ਹੁਣ ਤੱਕ ਸਾਹਮਣੇ ਨਹੀਂ ਆਇਆ। ਅਮਰੀਕਾ ਦੀ ਹਵਾਈ ਫ਼ੌਜ ਦੇ ਮੁਖੀ ਗਲੈਨ ਵੈਨਹਰਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਲ ਹੀ ਤਬਾਹ ਕੀਤੇ ਤਿੰਨ ਔਬਜੈਕਟਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਕਿ ਇਹ ਕਿਵੇਂ ਉਡ ਰਹੇ ਸਨ ਜਾਂ ਇਹ ਕਿਥੋਂ ਆਏ।