
ਇਸ ਅਦਾਲਤ ਵਿੱਚ ਬੰਦੇ ਬਿਰਖ਼ ਹੋ ਗਏ…
ਕਦੋਂ ਮਿਲੇਗਾ ਬਰਗਾੜੀ ਬੇਅਦਬੀ ਦਾ ਇਨਸਾਫ਼?
30 ਨਵੰਬਰ ਨੂੰ ਖ਼ਤਮ ਹੋ ਰਹੀ ਮੋਰਚੇ ਵੱਲੋਂ ਦਿੱਤੀ ਮੋਹਲਤ
ਮੋਹਲਤ ਖ਼ਤਮ ਹੋਣ ਤੋਂ ਪਹਿਲਾਂ ਹੋਇਆ ਡੇਰਾ ਪ੍ਰੇਮੀ ਦਾ ਕਤਲ
ਬਹਿਬਲ ਕਲਾਂ ਇਨਸਾਫ਼ ਮੋਰਚੇ ਵੱਲੋਂ ਸਰਕਾਰ ਨੂੰ ਆਖਰੀ ਵਾਰ ਦਿੱਤੀ ਮੋਹਲਤ 30 ਨਵੰਬਰ ਨੂੰ ਖ਼ਤਮ ਹੋ ਜਾਵੇਗੀ। ਸਰਕਾਰ ਦੇ ਕਹਿਣ ’ਤੇ ਮੋਰਚੇ ਵਿੱਚ ਸ਼ਾਮਲ ਸੰਗਤਾਂ ਵੱਲੋਂ ਦੋ ਵਾਰ ਡੈਡਲਾਈਨ ਵਧਾਈ ਗਈ। ਦੂਜੀ ਵਾਰ ਦੀ ਮੋਹਲਤ ਖਤਮ ਹੋਣ ਦੇ ਦਿਨ ਬਹਿਬਲ ਕਲਾਂ ਵਿੱਚ ਰੱਖੇ ਪੰਥਕ ਇਕੱਠ ਮੌਕੇ ਪੰਜਾਬ ਸਰਕਾਰ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੋਸ਼ੀਆਂ ਨੂੰ ਡੇਢ ਮਹੀਨੇ ਵਿੱਚ ਸਜ਼ਾ ਦੇਣ ਦਾ ਭਰੋਸਾ ਦੇ ਕੇ ਆਖਰੀ ਵਾਰ ਮੋਹਲਤ ਮੰਗ ਕੇ ਆਏ ਸਨ, ਉਸ ਨੂੰ ਵੀ ਸੰਗਤ ਨੇ ਖ਼ੁਸ਼ੀ ਖ਼ੁਸ਼ੀ ਸਵੀਕਾਰ ਕਰ ਲਿਆ ਕਿਉਂਕਿ ਨਵੀਂ ਨਵੀਂ ਸਰਕਾਰ ਬਣੀ ਐ ਪਰ ਹੁਣ ਇਸ ਮਾਮਲੇ ਵਿਚ ਇਕ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਏ, ਜਿਸ ਨੇ ਸਾਬਤ ਕਰ ਦਿੱਤਾ ਏ ਕਿ ਕਿਸੇ ਵੀ ਹਾਲਤ ਵਿਚ ਇਹ ਮਾਮਲਾ ਠੰਡੇ ਬਸਤੇ ਨਹੀਂ ਪਾਇਆ ਜਾ ਸਕਦਾ। ਸਾਲ 2015 ਵਿਚ ਵਾਪਰੀ ਬੇਅਦਬੀ ਦੀ ਜਾਂਚ ਨੂੰ ਕਿਵੇਂ ਲਟਕਾਇਆ ਜਾਂਦਾ ਰਿਹਾ ਏ, ਦੇਖੋ ਸਾਡੀ ਇਹ ਖ਼ਾਸ ਰਿਪੋਰਟ।
ਬਹਿਬਲ ਕਲਾਂ ਇਨਸਾਫ਼ ਮੋਰਚੇ ਵੱਲੋਂ ਦਿੱਤੀ ਗਈ ਮੋਹਲਤ ਖ਼ਤਮ ਹੋਣ ਵਿਚ 20 ਦਿਨਾਂ ਦਾ ਸਮਾਂ ਬਾਕੀ ਐ, ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ। ਪੰਜਾਬ ਸਰਕਾਰ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਾਰ ਵਾਰ ਮੋਰਚੇ ਵਿਚ ਜਾ ਕੇ ਸੰਗਤ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਜਾ ਰਿਹਾ ਏ। ਹੋਰ ਤਾਂ ਹੋਰ ਹਾਲੇ ਬੀਤੇ ਕੱਲ੍ਹ ਵੀ ਸਪੀਕਰ ਸੰਧਵਾਂ ਮੋਰਚੇ ਵਿੱਚ ਫਿਰ ਤੋਂ ਹਾਜ਼ਰੀ ਭਰ ਕੇ ਆਏ ਨੇ ਅਤੇ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀ ਲੀਡਰਾਂ ਦੇ ਕੰਨ ਵਿੱਚ ਮਾਮਲੇ ਬਾਰੇ ਹੋਈ ਪ੍ਰਗਤੀ ਦੀ ਸੂਹ ਵੀ ਦਿੱਤੀ ਗਈ ਪਰ ਉਸ ਤੋਂ ਅਗਲੇ ਦਿਨ ਹੀ ਭਾਵ 10 ਨਵੰਬਰ ਨੂੰ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਹਮਲਾਵਾਰ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਏ। ਡੇਰਾ ਪ੍ਰੇਮੀ ਪ੍ਰਦੀਪ ਦੇ ਨਾਲ ਉਸ ਦਾ ਗੰਨਮੈਨ ਵੀ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ। ਪ੍ਰਦੀਪ ਬੇਅਦਬੀ ਕਾਂਡ ਵਿੱਚ ਮੁਲਜ਼ਮ ਦੱਸਿਆ ਗਿਆ ਹੈ, ਉਸ ਦਾ ਨਾਂ ਮੁਕੱਦਮਾ ਨੰਬਰ 63 ਵਿੱਚ ਦਰਜ ਐ।
ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਇਨਸਾਫ਼ ਲੈਣ ਲਈ ਪਿਛਲੇ 16 ਦਸੰਬਰ ਨੂੰ ਮੋਰਚਾ ਲਾਇਆ ਗਿਆ ਸੀ। ਪਤਾ ਲੱਗਾ ਹੈ ਕਿ ਸਪੀਕਰ ਸੰਧਵਾਂ ਬਗੈਰ ਕਿਸੇ ਸੂਚਨਾ ਦੇ ਕੱਲ੍ਹ ਮੋਰਚੇ ਵਾਲੀ ਥਾਂ ਪੁੱਜ ਗਏ। ਮੋਰਚੇ ਦੇ ਮੁੱਖ ਪ੍ਰਬੰਧਕ ਅਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਦੱਸਿਆ ਕਿ ਮੋਰਚਾ 11 ਮਹੀਨਿਆਂ ਤੋਂ ਚੱਲ ਰਿਹਾ ਹੈ। ਸਰਕਾਰਾਂ ਲਾਰੇ-ਲੱਪੇ ਲਾ ਕੇ ਵਖ਼ਤ ਟਪਾ ਰਹੀਆਂ ਹਨ। ਹਾਲੇ ਨਿਆਂ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਆਖਰੀ ਅਲਟੀਮੇਟਮ ਐ ਅਤੇ 30 ਨਵੰਬਰ ਨੂੰ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਇੱਥੇ ਇਹ ਦੱਸਣਾ ਦਿਲਚਸਪ ਹੋਵੇਗਾ ਕਿ ਇਨਸਾਫ਼ ਵਿੱਚ ਲਾਰਾ-ਲੱਪਾ ਲਾਏ ਜਾਣ ਕਰਕੇ ਹੀ ਪੰਜਾਬ ਦੇ ਦੋ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕੁਰਸੀ ਹੀ ਨਹੀਂ ਗਵਾਉਣੀ ਪਈ, ਸਗੋਂ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੀ ਹਾਸ਼ੀਏ ਤੋਂ ਬਾਹਰ ਹੋ ਗਈਆਂ ਨੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਬੇਹੁਰਮਤੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਬਣਨ ’ਤੇ 24 ਘੰਟਿਆਂ ਦੇ ਅੰਦਰ-ਅੰਦਰ ਜੇਲ੍ਹਾਂ ਵਿੱਚ ਸੁੱਟਣ ਦਾ ਦਾਅਵਾ ਕੀਤਾ ਸੀ, ਜਿਸ ਨੂੰ 7 ਮਹੀਨੇ ਬੀਤਣ ਦੇ ਬਾਅਦ ਵੀ ਬੂਰ ਨਹੀਂ ਪੈ ਸਕਿਆ। ਉਸ ਤੋਂ ਵੀ ਵੱਧ ਦਿਲਾਂ ਨੂੰ ਵਲੂੰਧਰ ਵਾਲੀ ਗੱਲ ਇਹ ਹੈ ਕਿ ਬੇਹੁਰਮਤੀ ਦੀ ਪਹਿਲੀ ਘਟਨਾ ਵਾਪਰਨ ਦੇ 7 ਸਾਲਾਂ ਬਾਅਦ ਵੀ ਬੇਅਦਬੀ ਦੀਆਂ ਘਟਨਾਵਾਂ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
ਸਭ ਤੋਂ ਪਹਿਲਾਂ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ, ਜਦੋਂ ਫਟੇ ਹੋਏ 110 ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਰੁਲ਼ਦੇ ਹੋਏ ਮਿਲੇ ਸਨ। ਇਸ ਤੋਂ ਬਾਅਦ ਮੁੜ ਵਾਪਰੀ ਬੇਹੁਰਮਤੀ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਰੋਸ ਪ੍ਰਦਰਸ਼ਨ ਉੱਤੇ 14 ਅਕਤੂਬਰ ਦੀ ਰਾਤ ਨੂੰ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਤਾਂ ਦੇਸ਼-ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਰੋਸ ਹੋਰ ਵਧ ਗਿਆ। ਪੰਜਾਬ ਕੈਬਨਿਟ ਨੇ ਧਾਰਮਿਕ ਬੇਅਬਦੀ ਦੀ ਸਜ਼ਾ ਨੂੰ 3 ਸਾਲਾਂ ਦੀ ਕੈਦ ਤੋਂ ਵਧਾ ਕੇ ਉਮਰ ਕੈਦ ਦਾ ਬਿਲ 20 ਮਾਰਚ 2016 ਨੂੰ ਪਾਸ ਤਾਂ ਕਰ ਦਿੱਤਾ, ਪਰ ਮਾਮਲਾ ਹਾਲੇ ਵੀ ਸਰਕਾਰੇ-ਦਰਬਾਰੇ ਅਤੇ ਨਿਆਂ ਪਾਲਿਕਾ ਕੋਲ ਲਮਕ ਰਿਹਾ ਏ।
ਸਿੱਖਾਂ ਵੱਲੋਂ ਲਗਾਤਾਰ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾ ਰਹੇ ਨੇ ਕਿਉਂਕਿ ਮਾਮਲੇ ਦੀ ਜਾਂਚ ਲਈ ਦੋ ਕਮਿਸ਼ਨ ਬਣਾਏ ਜਾ ਚੁੱਕੇ ਹਨ ਅਤੇ 3 ਐਸਆਈਟੀਜ਼ ਦੀ ਗਠਨ ਕੀਤਾ ਜਾ ਚੁੱਕਾ ਹੈ, ਪਰ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਰਿਹਾ। ਡੀਆਈਜੀ ਪਰਮਾਰ ਦੀ ਅਗਵਾਈ ਹੇਠ ਬਣੀ ਸਿੱਟ ਨੇ 1 ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਕਾਂਡ ਵਿੱਚ ਸ਼ਾਮਲ ਮੁਲਜ਼ਮ ਸ਼ਕਤੀ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ’ਤੇ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਰੋਲ਼ਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹਿਲੀ ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋ ਗਿਆ ਸੀ, ਜਿਹੜਾ ਕਿ ਮੁਲਜ਼ਮ ਡੇਰਾ ਪ੍ਰੇਮੀਆਂ ਦੇ ਕਬਜ਼ੇ ਵਿੱਚ ਦੱਸਿਆ ਜਾ ਰਿਹਾ ਹੈ। ਜਦੋਂ ਸਰਕਾਰਾਂ ’ਤੇ ਇਨਸਾਫ਼ ਨਾ ਦੇਣ ਦੇ ਦੋਸ਼ ਲੱਗਣ ਲੱਗ ਜਾਣ ਜਾਂ ਅਦਾਲਤਾਂ ’ਤੇ ਉਹ ਅਖੌਤ ਢੁਕਣ ਲੱਗ ਜਾਵੇ ਕਿ ਦੇਰ ਨਾਲ ਮਿਲਿਆ ਇਨਸਾਫ਼, ਨਾ ਮਿਲਣ ਦੇ ਬਰਾਬਰ ਹੀ ਹੁੰਦਾ ਹੈ। ਤਾਂ ਹੁਣ ਇਹ ਸਮਝ ਲਿਆ ਜਾਵੇ ਕਿ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਆਪ ਸਜ਼ਾ ਦੇਣ ਲੱਗੇ ਹਨ। ਇਹ ਵੀ ਮੰਨਿਆ ਜਾ ਸਕਦਾ ਹੈ ਕਿ 7 ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੇ ਲੋਕਾਂ ਦਾ ਸਬਰ ਦਾ ਪਿਆਲਾ ਭਰ ਗਿਆ ਹੋਵੇ ਤੇ ਲੋਕ ਕਾਨੂੰਨ ਆਪਣੇ ਹੱਥ ਲੈਣ ਲਈ ਮਜਬੂਰ ਹੋ ਗਏ ਹਨ। ਇੱਥੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਸਾਡੇ ਜ਼ਿਹਨ ਵਿੱਚ ਘੁੰਮਣ ਲੱਗੀਆਂ ਨੇ।
ਇਸ ਅਦਾਲਤ ਵਿੱਚ ਬੰਦੇ ਬਿਰਖ਼ ਹੋ ਗਏ
ਫ਼ੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ
ਆਖੋ ਇਹਨਾਂ ਨੂੰ ਉਜੜੇਂ ਘਰੀ ਜਾਣ ਹੁਣ
ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ।
ਦੱਸ ਦਈਏ ਕਿ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸਨ, ਜਦਕਿ 12 ਸਤੰਬਰ 2015 ਨੂੰ ਸਰੂਪ ਦੇ ਅੰਗ ਗਲੀਆਂ ਵਿੱਚ ਖਿੱਲਰੇ ਮਿਲੇ ਪਰ ਪੁਲਿਸ ਨੇ ਕੋਈ ਖ਼ਾਸ ਕਾਰਗੁਜ਼ਾਰੀ ਨਹੀਂ ਦਿਖਾਈ ਤਾਂ ਫਿਰ 25 ਸਤੰਬਰ 2015 ਨੂੰ ਭੜਕਾਊ ਪੋਸਟਰ ਲਾਏ ਗਏ, ਜਿਸ ਦੇ ਨਾਲ ਇਹ ਮਾਮਲਾ ਹੋਰ ਜ਼ਿਆਦਾ ਭੜਕ ਉਠਿਆ ਸੀ। ਇਸ ਮਗਰੋਂ ਫਿਰ 14 ਅਕਤੂਬਰ 2015 ਨੂੰ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਲਾਠੀਚਾਰਜ ਅਤੇ ਗੋਲੀਆਂ ਵਰ੍ਹਾਈਆਂ ਗਈਆਂ, ਜਿਸ ਵਿਚ ਦੋ ਸਿੱਖ ਸ਼ਹੀਦ ਹੋ ਗਏ ਸਨ। ਅੱਜ ਇਸ ਮੰਦਭਾਗੀ ਘਟਨਾ ਨੂੰ 7 ਸਾਲ ਦਾ ਸਮਾਂ ਹੋ ਚੁੱਕਿਆ ਏ ਪਰ ਇਸ ਦਾ ਇਨਸਾਫ਼ ਕਦੋਂ ਮਿਲੇਗਾ, ਇਸ ਬਾਰੇ ਕਿਸੇ ਕੋਲ ਵੀ ਕੋਈ ਠੋਸ ਜਵਾਬ ਨਹੀਂ।
ਕਮਲਜੀਤ ਸਿੰਘ ਬਨਵੈਤ
ਫੋਨ ਨੰਬਰ : 98147-34035