ਲੰਡਨ, 16 ਮਾਰਚ, ਹ.ਬ. : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ਦੇ ਆਖਿਰ ਵਿਚ ਭਾਰਤ ਦੌਰੇ ’ਤੇ ਆਉਣਗੇ। ਉਨ੍ਹਾਂ ਦੇ ਦਫ਼ਤਰੀ ਹਵਾਲੇ ਤੋਂ ਦੱÎਸਿਆ ਗਿਆ ਕਿ ਯੂਰੋਪੀਅਨ ਯੂਨੀਅਨ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਤੋਂ ਬਾਅਦ ਬੋਰਿਸ ਦੀ ਇਹ ਪਹਿਲੀ ਵੱਡੀ ਕੌਮਾਂਤਰੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਭਾਰਤ ਦੇ 72ਵੇਂ ਗਣਤੰਤਰ ਦਿਵਸ ’ਤੇ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਿਆ ਗਿਆ ਸੀ, ਲੇਕਿਨ ਬਰਤਾਨੀਆ ਵਿਚ ਕੋੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਅਪਣੀ ਯਾਤਰਾ ਰੱਦ ਕਰ ਦਿੱਤੀ ਸੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਇਸ ਦੌਰੇ ’ਤੇ ਭਾਰਤ ਦੇ ਨਾਲ ਮਿਲ ਕੇ ਚੀਨ ਦੀ ਹਮਲਾਵਰ ਹਰਕਤਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ’ਤੇ ਵੀ ਚਰਚਾ ਕਰ ਸਕਦੇ ਹਨ। ਬਰਤਾਨੀਆ ਅਤੇ ਚੀਨ ਦੇ ਵਿਚ ਕਈ ਮੁੱਦਿਆਂ ’ਤੇ ਮਤਭੇਦ ਹਨ , ਇਨ੍ਹਾਂ ਵਿਚ ਹਾਂਗਕਾਂਗ, ਕੋਰੋਨਾ ਅਤੇ ਹੁਵਈ ਨੂੰ ਬਰਤਾਨੀਆ ਦੇ 5ਜੀ ਨੈਟਵਰਕ ਵਿਚ ਸਰਗਰਮ ਭੂਮਿਕਾ ਤੋਂ ਦੂਰ ਰੱਖਣਾ ਪ੍ਰਮੁੱਖ ਹੈ।
ਇਸ ਤੋਂ ਪਹਿਲਾਂ ਗਣਤੰਤਰ ਦਿਵਸ ’ਤੇ ਭਾਰਤ ਨੂੰ ਵਧਾਈ ਦਿੰਦੇ ਹੋਏ ਬੋਰਿਸ ਨੇ ਕਿਹਾ ਸੀ ਕਿ ਮੈਂ ਇਸ ਸਾਲ ਭਾਰਤ ਆਉਣ ਦੇ ਲਈ ਤਿਆਰ ਹਾਂ ਤਾਕਿ ਅਸੀਂ ਦੋਸਤੀ ਨੂੰ ਮਜ਼ਬੂਤ ਕਰ ਸਕੀਏ। ਮੈਂ ਜੂਨ ਵਿਚ ਹੋਣ ਵਾਲੀ ਜੀ7 ਸਮਿਟ ਤੋਂ ਪਹਿਲਾਂ ਹੀ ਭਾਰਤ ਆਵਾਂਗਾ।
ਪ੍ਰਧਾਨ ਮੰਤਰੀ ਮੋਦੀ ਜੂਨ ਵਿਚ ਬਰਤਾਨੀਆ ਜਾਣਗੇ। ਇੱਥੇ ਉਹ ਜੀ7 ਸਮਿਟ ਵਿਚ ਹਿੱਸਾ ਲੈਣਗੇ। ਕਾਰਨਵਾਲ ਵਿਚ ਹੋਣ ਵਾਲੀ ਸਮਿਟ ਦੇ ਲਈ ਮੋਦੀ ਨੂੰ ਬ੍ਰਿਟੇਨ ਨੇ ਸੱਦਾ ਭੇਜਿਆ ਸੀ। ਜੀ7 ਵਿਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਸ਼ਾਮਲ ਹਨ।