Home ਇੰਮੀਗ੍ਰੇਸ਼ਨ ਅਮਰੀਕਾ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਆਈ ਗਿਰਾਵਟ

ਅਮਰੀਕਾ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਆਈ ਗਿਰਾਵਟ

0
ਅਮਰੀਕਾ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਆਈ ਗਿਰਾਵਟ

ਵਾਸ਼ਿੰਗਟਨ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ 2020 ਵਿੱਚ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 47 ਫੀਸਦੀ ਚੀਨੀ ਅਤੇ ਭਾਰਤੀ ਵਿਦਿਆਰਥੀ ਸਨ। ਕੋਰੋਨਾ ਮਹਾਂਮਾਰੀ ਕਾਰਨ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਚੀਨੀ ਅਤੇ ਭਾਰਤੀ ਵਿਦਿਆਰਥੀਆਂ ’ਤੇ ਇਸ ਦਾ ਜ਼ਿਆਦਾ ਅਸਰ ਨਹੀਂ ਪਿਆ ਹੈ। ਪਿਛਲੇ ਸਾਲ ਵਿਦੇਸ਼ੀ ਵਿਦਿਆਰਥੀਆਂ ’ਚੋਂ ਚੀਨੀ ਅਤੇ ਭਾਰਤੀ ਵਿਦਿਆਰਥੀਆਂ ਦਾ ਅੰਕੜਾ 48 ਫੀਸਦੀ ਸੀ। ਸਟੂਡੈਂਟ ਅਤੇ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ ਵੱਲੋਂ ਜਾਰੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਇੰਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਤਹਿਤ ਆਉਣ ਵਾਲੇ ਵਿਦਿਆਰਥੀਆਂ ’ਤੇ ਜਾਣਕਾਰੀ ਰੱਖਣ ਵਾਲੀ ਵੈੱਬ ਆਧਾਰਤ ਪ੍ਰਣਾਲੀ ਸੇਵਿਸ ਦੇ ਰਿਕਾਰਡ ਅਨੁਸਾਰ ਸਾਲ 2020 ਦੌਰਾਨ ਐਫ-1 ਅਤੇ ਐਮ-1 ਵਿਦਿਆਰਥੀਆਂ ਦੀ ਗਿਣਤੀ 12 ਲੱਖ 50 ਹਜ਼ਾਰ ਸੀ। ਇਸ ਵਿੱਚ ਸਾਲ 2019 ਦੇ ਮੁਕਾਬਲੇ 17.86 ਫੀਸਦੀ ਕਮੀ ਆਈ ਹੈ।
ਐਫ-1 ਵੀਜ਼ਾ ਅਮਰੀਕੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਕਿਸੇ ਵਿਦਿਅਕ ਸੈਸ਼ਨ ਪ੍ਰੋਗਰਾਮ ਜਾਂ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ।
ਉੱਥੇ ਹੀ ਐਮ-ਵੀਜ਼ਾ ਕਾਰੋਬਾਰੀ ਸੰਸਥਾਵਾਂ ਤੇ ਤਕਨੀਕੀ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਹੁੰਦਾ ਹੈ। ਰਿਪੋਰਟ ਮੁਤਾਬਕ ਅਮਰੀਕੀ ਸਕੂਲਾਂ ਵਿੱਚ 2019 ਦੇ ਮੁਕਾਬਲੇ ਵਿੱਚ 2020 ’ਚ ਨਵੇਂ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ 72 ਫੀਸਦੀ ਕਮੀ ਆਈ ਹੈ। ਨਵੇਂ ਕੌਮਾਂਤਰੀ ਵਿਦਿਆਰਥੀਆਂ ਵਿੱਚ ਉਹ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਕਿਸੇ ਵਿਦਿਅਕ ਸੰਸਥਾ ਵਿੱਚ ਦਾਖ਼ਲਾ ਨਹੀਂ ਲਿਆ ਸੀ। ਅਗਸਤ 2020 ਵਿੱਚ ਨਵੇਂ ਐਫ਼-1 ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ 91 ਫੀਸਦੀ ਕਮੀ ਅਤੇ ਅਮਰੀਕੀ ਸਕੂਲਾਂ ਵਿੱਚ ਨਵੇਂ ਐਮ-1 ਕੌਮਾਂਤਰੀ ਵਿਦਿਆਰਥੀ ਦਾਖ਼ਲੇ ਵਿੱਚ 72 ਫੀਸਦੀ ਕਮੀ ਆਈ।
ਸੇਵਿਸ ਦੀ ਰਿਪੋਰਟ ਮੁਤਾਬਕ ਚੀਨ ਦੇ ਸਭ ਤੋਂ ਜ਼ਿਆਦਾ 3 ਲੱਖ 82 ਹਜ਼ਾਰ 561 ਵਿਦਿਆਰਥੀ ਅਤੇ ਉਸ ਤੋਂ ਬਾਅਦ ਭਾਰਤ ਦੇ 2 ਲੱਖ 7 ਹਜ਼ਾਰ 460 ਵਿਦਿਆਰਥੀ ਸਨ। ਦੱਖਣੀ ਕੋਰੀਆ ਦੇ 68 ਹਜ਼ਾਰ 217, ਸਾਊਦੀ ਅਰਬ ਦੇ 38 ਹਜ਼ਾਰ 39, ਕੈਨੇਡਾ ਦੇ 35 ਹਜ਼ਾਰ 508 ਅਤੇ ਬ੍ਰਾਜ਼ੀਲ ਦੇ 34 ਹਜ਼ਾਰ 892 ਵਿਦਿਆਰਥੀ ਸਨ।
ਭਾਰਤੀ ਵਿਦਿਆਰਥੀਆਂ ਵਿੱਚ 35 ਫੀਸਦੀ ਕੁੜੀਆਂ ਤੇ 65 ਫੀਸਦੀ ਮੁੰਡੇ ਸਨ। ਉੱਥੇ ਹੀ ਚੀਨ ਦੇ ਵਿਦਿਆਰਥੀਆਂ ਵਿੱਚ 47 ਫੀਸਦੀ ਕੁੜੀਆਂ ਤੇ 53 ਫੀਸਦੀ ਮੁੰਡੇ ਸਨ। ਸਾਲ 2020 ਵਿੱਚ ਨਾਗਰਿਕਤਾ ਹਾਸਲ ਕਰਨ ਵਾਲੇ ਸਿਖ਼ਰਲੇ 10ਦੇਸ਼ਾਂ ਵਿੱਚ ਔਸਤ ਮਹਿਲਾ ਨਾਮਜ਼ਦਗੀ 44 ਫੀਸਦੀ ਅਤੇ ਔਸਤ ਮਰਦ ਨਾਮਜ਼ਦਗੀ 56 ਫੀਸਦੀ ਰਹੀ। ਸੇਵਿਸ ਮੁਤਾਬਕ ਕੋਰੋਨਾ ਦੇ ਪ੍ਰਕੋਪ ਨੇ ਅਮਰੀਕਾ ਵਿੱਚ 2020 ’ਚ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਪ੍ਰਭਾਵਿਤ ਕੀਤਾ।