Home ਤਾਜ਼ਾ ਖਬਰਾਂ ਅੰਮ੍ਰਿਤਸਰ ਵਿਚ ਮੁੜ ਹੋਇਆ ਤੀਜਾ ਧਮਾਕਾ, ਰਾਤ 12.10 ਵਜੇ ਵਾਪਰੀ ਘਟਨਾ

ਅੰਮ੍ਰਿਤਸਰ ਵਿਚ ਮੁੜ ਹੋਇਆ ਤੀਜਾ ਧਮਾਕਾ, ਰਾਤ 12.10 ਵਜੇ ਵਾਪਰੀ ਘਟਨਾ

0

ਧਮਾਕੇ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਪੰਜ ਗ੍ਰਿਫਤਾਰ
ਅੰਮ੍ਰਿਤਸਰ, 11 ਮਈ, ਹ.ਬ. : ਪੰਜਾਬ ’ਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ’ਚ ਕਰੀਬ 5 ਦਿਨਾਂ ’ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਰਾਤ 12.10 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਭਾਜੜਾਂ ਪੈ ਗਈਆਂ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਰਾਤ ਨੂੰ ਹੀ ਉਥੇ ਪਹੁੰਚ ਗਈ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ।

ਤਲਾਸ਼ੀ ਲੈਣ ਤੋਂ ਬਾਅਦ ਲੰਗਰ ਹਾਲ ਨੇੜੇ ਸ਼੍ਰੀ ਗੁਰੂ ਰਾਮਦਾਸ ਸਰਾਅ ਤੋਂ ਇਕ ਜੋੜੇ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 8 ਬੰਬ ਵੀ ਮਿਲੇ ਹਨ। ਤਲਾਸ਼ੀ ਦੌਰਾਨ ਸਰਾਅ ਦੇ ਸੀਸੀਟੀਵੀ ਫੁਟੇਜ ਤੋਂ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ। ਇਨ੍ਹਾਂ ਨੂੰ ਵਰਾਂਡੇ ਵਿਚ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਫ਼ੋਟੋ ਵੀ ਸਾਹਮਣੇ ਆਈ ਹੈ। ਪੁਲਸ ਸੂਤਰਾਂ ਮੁਤਾਬਕ ਧਮਾਕੇ ਤੋਂ ਬਾਅਦ ਦੋਵੇਂ ਜਣੇ ਸਰਾਅ ਵਿਚ ਜਾ ਕੇ ਸੌਂ ਗਏ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੇ ਬੰਬ ਛੱਤ ਜਾਂ ਖਿੜਕੀ ਤੋਂ ਸੁੱਟੇ ਸਨ।

ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸਰਾਅ ਦੇ ਕਮਰਾ ਨੰਬਰ 225 ਤੋਂ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਇਕ ਸ਼ੱਕੀ ਬੈਗ ਵੀ ਬਰਾਮਦ ਹੋਇਆ ਹੈ। ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ।