ਅੰਮ੍ਰਿਤਸਰ, 18 ਮਈ, ਹ.ਬ. : ਅੰਮ੍ਰਿਤਸਰ ਉਤਰੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਈ ਹੈ। ਵਿਧਾਇਕ ਦਾ ਕਹਿਣਾ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵਿੱਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਸ਼ਿਕਾਇਤ ਕਰਨ ਅਤੇ ਗਵਾਹੀ ਦੇਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਗਰ ਨਿਗਮ ਦੇ ਕਾਨੂੰਨਾਂ ਦੀ ਵੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇਹ ਗੱਲਾਂ ਉਨ੍ਹਾਂ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨੂੰ ਕਹੀਆਂ। ਵਿਧਾਇਕ ਨੇ ਕਿਹਾ ਕਿ ਨਗਰ ਨਿਗਮ ਦਾ ਐਮਟੀਪੀ ਵਿਭਾਗ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ। ਅਧਿਕਾਰੀ ਕਿਸੇ ਵੀ ਜਨ ਨੁਮਾਇੰਦੇ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੰਦੇ। ਹਾਲਾਤ ਇਹ ਹਨ ਕਿ ਭ੍ਰਿਸ਼ਟਾਚਾਰ ਕਾਰਨ ਆਮ ਆਦਮੀ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਸ਼ਹਿਰ ਵਿੱਚ ਖੁੱਲ੍ਹੇਆਮ ਨਾਜਾਇਜ਼ ਇਮਾਰਤਾਂ ਅਤੇ ਹੋਟਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਨਿਯਮਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਬਣ ਰਹੀਆਂ ਇਮਾਰਤਾਂ ਨੂੰ ਰੋਕਣ ਲਈ ਕੋਈ ਵੀ ਅਧਿਕਾਰੀ ਸੁਣਨ ਨੂੰ ਤਿਆਰ ਨਹੀਂ ਹੈ।