ਉਨਟਾਰੀਓ ‘ਚ ਫ਼ੋਨ ਰਾਹੀਂ ਕੋਰੋਨਾ ਵੈਕਸੀਨ ਦੀ ‘ਬੁਕਿੰਗ’ ਹੋਈ ਸ਼ੁਰੂ

***ਫ਼ੋਨ ਨੰਬਰ 1-888-999-6488 ‘ਤੇ ਕਰਨੀ ਹੋਵੇਗੀ ਕਾਲ ***ਆਨਲਾਈਨ ਪੋਰਟਲ ਰਾਹੀਂ ਵੀ ਮਿਲ ਰਹੀਆਂ ਹਨ ਅਪੁਆਇੰਟਮੈਂਟਸ ***ਕੈਨੇਡਾ ‘ਚ ਕੋਰੋਨਾ ਵੈਕਸੀਨ ਦੇ 30 ਲੱਖ ਟੀਕੇ ਲਾਉਣ ਦਾ ਕੰਮ ਮੁਕੰਮਲ

Video Ad

ਟੋਰਾਂਟੋ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੋਰੋਨਾ ਵੈਕਸੀਨ ਦੇ 30 ਲੱਖ ਤੋਂ ਵੱਧ ਟੀਕੇ ਲਾਏ ਜਾ ਚੁੱਕੇ ਹਨ ਅਤੇ ਸਿਹਤ ਮਾਹਰਾਂ ਦਾ ਮੰਨਣਾ ਹੈ ਹਰ ਹਫ਼ਤੇ 10 ਲੱਖ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਾਉਣ ਦਾ ਟੀਚਾ ਆਸਾਨੀ ਨਾਲ ਸਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਉਨਟਾਰੀਓ ਵਿਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਾਉਣ ਲਈ ਆਨਲਾਈਨ ਅਤੇ ਫ਼ੋਨ ਰਾਹੀਂ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਅਪੁਆਇੰਟਮੈਂਟ ਬੁਕ ਕਰਨ ਲਈ 1-888-999-6488 ‘ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਸਰਕਾਰ ਦੇ ਵੈਬ ਪੋਰਟਲ ਉਨਟਾਰੀਓ ਡਾਟ ਸੀ.ਏ./ਬੁਕ ਵੈਕਸੀਨ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਧਰ ਨਿਊ ਬ੍ਰਨਜ਼ਵਿਕ ਐਤਵਾਰ ਤੋਂ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨੇਟ ਕਰਨ ਖ਼ਾਤਰ ਰਜਿਸਟ੍ਰੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਿਊਬਿਕ ਵਿਚ ਸੋਮਵਾਰ ਤੋਂ 350 ਫ਼ਾਰਮੇਸੀਆਂ ਵਿਚ ਵੈਕਸੀਨੇਸ਼ਨ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਕਿਊਬਿਕ ਵਿਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾਂ ਹੀ ਵੈਕਸੀਨੇਟ ਕੀਤਾ ਜਾ ਰਿਹਾ ਹੈ। ਉਨਟਾਰੀਓ ਵਿਚ ਕੌਵਿਡ-19 ਵੈਕਸੀਨ ਤੈਅਸ਼ੁਦਾ ਟਿਕਾਣਿਆਂ ਤੱਕ ਪਹੁੰਚਾ ਰਹੀ ਟੀਮ ਦੇ ਮੁਖੀ ਸੇਵਾ ਮੁਕਤ ਜਨਰਲ ਰਿਕ ਹਿਲੀਅਰ ਨੇ ਉਮੀਦ ਜ਼ਾਹਰ ਕੀਤੀ ਕਿ ਆਨਲਾਈਨ ਜਾਂ ਫ਼ੋਨ ਰਾਹੀਂ ਅਪੁਆਇੰਟਮੈਂਟ ਬੁਕਿੰਗ ਦੀ ਪ੍ਰਕਿਰਿਆ ਬਿਲਕੁਲ ਸਹੀ ਤਰੀਕੇ ਨਾਲ ਅੱਗੇ ਵਧੇਗੀ। ਐਤਵਾਰ ਨੂੰ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਹੋ ਸਕਦਾ ਹੈ ਕਿ ਕੁਝ ਥਾਵਾਂ ‘ਤੇ ਅੜਿੱਕਿਆਂ ਦਾ ਸਾਹਮਣਾ ਕਰਨਾ ਪਵੇ ਪਰ ਇਸ ਨਾਲ ਸਮੁੱਚੀ ਪ੍ਰਕਿਰਿਆ ‘ਤੇ ਅਸਰ ਨਹੀਂ ਪਵੇਗਾ।” ਟੋਰਾਂਟੋ ਦੇ ਸਮੇਂ ਮੁਤਾਬਕ ਸੋਮਵਾਰ ਸਵੇਰੇ ਅਪੁਆਇੰਟਮੈਂਟ ਬੁਕਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਤਹਿਤ 1941 ਜਾਂ ਇਸ ਤੋਂ ਪਹਿਲਾਂ ਜੰਮੇ ਲੋਕ ਵੈਕਸੀਨ ਵਾਸਤੇ ਬੁਕਿੰਗ ਕਰਵਾ ਸਕਦੇ ਹਨ। ਰਿਕ ਹਿਲੀਅਰ ਨੇ ਦੱਸਿਆ ਕਿ ਬੁਕਿੰਗ ਸਿਸਟਮ ਦੀ ਪੂਰੀ ਤਰ੍ਹਾਂ ਪਰਖ ਕਰਨ ਤੋਂ ਬਾਅਦ ਹੀ ਇਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਟੋਰਾਂਟੋ ਪਬਲਿਕ ਹੈਲਥ ਵੱਲੋਂ 15 ਹਜ਼ਾਰ ਅਪੁਆਇੰਟਮੈਂਟਸ ਬੁਕ ਕੀਤੀਆਂ ਗਈਆਂ ਅਤੇ ਇਸ ਦੌਰਾਨ ਕੋਈ ਸਮੱਸਿਆ ਪੈਦਾ ਨਹੀਂ ਹੋਈ। ਆਨਲਾਈਟ ਪੋਰਟਲ ਤੋਂ ਇਲਾਵਾ 2200 ਟੈਲੀਫ਼ੋਨ ਆਪ੍ਰੇਟਰ ਕਾਲ ਸੈਂਟਰ ਵਿਚ ਤਿਆਰ ਬਰ ਤਿਆਰ ਹਨ ਜੋ ਇਕ ਘੰਟੇ ਵਿਚ 10 ਹਜ਼ਾਰ ਕਾਲਾਂ ਸੁਣਨ ਦੀ ਸਮਰਥਾ ਰਖਦੇ ਹਨ। ਰਿਕ ਹਿਲੀਅਰ ਨੇ ਦੱਸਿਆ ਕਿ ਉਨਟਾਰੀਓ ਵਾਸੀ ਅੱਠ ਲੱਖ ਅਪੁਆਇੰਟਮੈਂਟਸ ਕਰਵਾ ਸਕਦੇ ਹਨ। ਦੱਸ ਦੇਈਏ ਕਿ ਉਨਟਾਰੀਓ ਤੋਂ ਪਹਿਲਾਂ ਕਿਊਬਿਕ ਅਤੇ ਐਲਬਰਟਾ ਵਿਚ ਵੀ ਆਨਲਾਈਨ ਜਾਂ ਫ਼ੋਨ ਰਾਹੀਂ ਵੈਕਸੀਨੇਸ਼ਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਰਿਕ ਹਿਲੀਅਰ ਨੇ ਦੱਸਿਆ ਕਿ ਇਸ ਹਫ਼ਤੇ ਦੇ ਅੰਤ ਤੱਕ ਉਨਟਾਰੀਓ ਵਿਚ 100 ਤੋਂ ਵੱਧ ਵੈਕਸੀਨੇਸ਼ਨ ਕਲੀਨਿਕ ਸਥਾਪਤ ਹੋ ਜਾਣਗੇ ਜਦਕਿ ਫ਼ਾਰਮੇਸੀਆਂ ਵਿਚ ਵੱਖਰੇ ਤੌਰ ‘ਤੇ ਵੈਕਸੀਨੇਸ਼ਨ ਕੀਤੀ ਜਾਵੇਗੀ।

Video Ad