Home ਕੈਨੇਡਾ ਕੈਨੇਡਾ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ‘ਚ ਵਧੀ ਤਕਰਾਰ

ਕੈਨੇਡਾ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ‘ਚ ਵਧੀ ਤਕਰਾਰ

0
ਕੈਨੇਡਾ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ‘ਚ ਵਧੀ ਤਕਰਾਰ

***ਭਾਰਤੀ ਭਾਈਚਾਰੇ ਨੂੰ ਫਿਰ ਤੋਂ ਇੱਕ ਮੰਚ ‘ਤੇ ਇਕੱਠਾ ਕਰਨਗੇ ਸਾਬਕਾ ਫ਼ੌਜੀ
***ਉਨਟਾਰੀਓ ‘ਚ ਸਾਬਕਾ ਫ਼ੌਜੀਆਂ ਨੇ ਸੁਲ੍ਹਾ ਕਰਾਉਣ ਲਈ ਚਲਾਈ ਮੁਹਿੰਮ
ਟੋਰਾਂਟੋ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕੈਨੇਡਾ ‘ਚ ਵੱਖ-ਵੱਖ ਭਾਈਚਾਰਿਆਂ ‘ਚ ਫੁੱਟ ਵੇਖਣ ਨੂੰ ਮਿਲ ਰਹੀ ਹੈ। ਵੱਡੀ ਗਿਣਤੀ ਲੋਕਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਦਕਿ ਕੁਝ ਲੋਕ ਇਨ੍ਹਾਂ ਕਾਨੂੰਨਾਂ ਦੇ ਸਮਰਥਨ ਵਿੱਚ ਰੈਲੀ ਕਰ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਵਧੀ ਤਕਰਾਰ ਨੂੰ ਖਤਮ ਕਰਨ ਲਈ ਕੈਨੇਡਾ ‘ਚ ਹਥਿਆਰਬੰਦ ਫ਼ੌਜਾਂ ਦੇ ਸੇਵਾਮੁਕਤ ਜਵਾਨਾਂ ਦੇ ਇੱਕ ਸਮੂਹ ਨੇ ਮੁਹਿੰਮ ਸ਼ੁਰੂ ਕੀਤੀ ਹੈ।
ਭਾਰਤ ਤੇ ਕੈਨੇਡਾ ਦੀਆਂ ਹਥਿਆਰਬੰਦ ਫ਼ੌਜਾਂ ‘ਚ ਸੇਵਾਵਾਂ ਨਿਭਾਅ ਚੁੱਕੇ ਲੋਕਾਂ ਦੇ ਸਮੂਹ ‘ਵੈਟਰਨਸ ਐਸੋਸੀਏਸ਼ਨ ਆਫ਼ ਉਨਟਾਰੀਓ’ ਦੇ ਮੈਂਬਰਾਂ ਨੇ ਹਿੰਦੂ ਅਤੇ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਹੈ, ਤਾਂ ਜੋ ਇੰਡੋ-ਕੈਨੇਡੀਅਨ ਭਾਈਚਾਰਿਆਂ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਵਧੇ ਟਕਰਾਅ ਨੂੰ ਦੂਰ ਕੀਤਾ ਜਾ ਸਕੇ।
‘ਵੈਟਰਨਸ ਐਸੋਸੀਏਸ਼ਨ ਆਫ਼ ਉਨਟਾਰੀਓ’ ਦੇ ਚੇਅਰ ਬ੍ਰਿਗੇਡੀਅਰ (ਸੇਵਾਮੁਕਤ) ਨਵਾਬ ਸਿੰਘ ਹੀਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਦੋਵਾਂ ਧਿਰਾਂ ਨੂੰ ਸਮਝਾ ਕੇ ਮਤਭੇਦਾਂ ਨੂੰ ਦੂਰ ਕਰਨ ਮਗਰੋਂ ਭਾਰਤੀ ਮੂਲ ਦੇ ਕੈਨੇਡੀਅਨ ਭਾਈਚਾਰੇ ਨੂੰ ਫਿਰ ਤੋਂ ਇੱਕ ਮੰਚ ‘ਤੇ ਲੈ ਕੇ ਆਉਣਗੇ। ਇਸ ਦੇ ਲਈ ਐਸੋਸੀਏਸ਼ਨ ਦੋਵਾਂ ਭਾਈਚਾਰਿਆਂ ਦੇ ਕੁਝ ਆਗੂਆਂ ਵਿਚਕਾਰ ਗੱਲਬਾਤ ਕਰਵਾ ਰਹੀ ਹੈ ਤਾਂ ਜੋ ਰੇੜਕੇ ਨੂੰ ਖ਼ਤਮ ਕੀਤਾ ਜਾ ਸਕੇ। ਹਾਲਾਂਕਿ ਗੁਰਦੁਆਰਾ ਸਾਹਿਬ ਜਿਹੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਸਦਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਲਿਆਂਦਾ ਗਿਆ ਹੈ।
ਇਸ ਤੋਂ ਇਲਾਵਾ ਆਉਣ ਵਾਲੀ ਬਸੰਤ ਰੁੱਤ ਵਿੱਚ ਇੱਕ ਸੱਭਿਆਚਾਰ ਪ੍ਰੋਗਰਾਮ ਕਰਵਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ, ਜੋ ਕਿ ਸਿੱਖ ਅਤੇ ਹਿੰਦੂ ਭਾਈਚਾਰਿਆਂ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ। ਜੇਕਰ ਕੋਵਿਡ-19 ਮਹਾਂਮਾਰੀ ਦੇ ਕੇਸਾਂ ਵਿੱਚ ਵਾਧਾ ਹੁੰਦਾ ਰਿਹਾ ਤਾਂ ਇਹ ਸੱਭਿਆਚਾਰਕ ਪ੍ਰੋਗਰਾਮ ਵਰਚੁਅਲ ਤੌਰ ‘ਤੇ ਕਰਵਾਇਆ ਜਾਵੇਗਾ। ਸੇਵਾਮੁਕਤ ਬ੍ਰਿਗੇਡੀਅਰ ਨਵਾਬ ਸਿੰਘ ਹੀਰ, ਜੋ ਕਿ ਖੁਦ ਇੱਕ ਸਿੱਖ ਹਨ, ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਕੈਨੇਡਾ ਆਏ ਕੌਮਾਂਤਰੀ ਵਿਦਿਆਰਥੀਆਂ ਦੀ ਕੌਂਸਲਿੰਗ ਦਾ ਵੀ ਏਜੰਡਾ ਬਣਾਇਆ ਗਿਆ ਹੈ, ਕਿਉਂਕਿ ਨਵੇਂ ਆਏ ਭੋਲ਼ੇ-ਭਾਲੇ ਵਿਦਿਆਰਥੀਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੜਕਾ ਦਿੱਤਾ ਜਾਂਦਾ ਹੈ। ਇਸ ਤੋਂ ਬਚਾਉਣ ਲਈ ਉਨ੍ਹਾਂ ਨੂੰ ਕੌਂਸਲਿੰਗ ਦੀ ਲੋੜ ਪੈਂਦੀ ਹੈ।
ਦੱਸ ਦੇਈਏ ਕਿ ਬੀਤੀ 28 ਫਰਵਰੀ ਨੂੰ ਗਰੇਟਰ ਟੋਰਾਂਟੋ ਏਰੀਆ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਵੱਲੋਂ ਕੱਢੀ ਗਈ ‘ਤਿਰੰਗਾ-ਮੈਪਲ’ ਕਾਰ ਰੈਲੀ ਦੌਰਾਨ ਹਿੰਸਾ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਸ਼ਨਿੱਚਰਵਾਰ ਨੂੰ ਔਟਵਾ ‘ਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੀਤੀ ਗਈ ਰੈਲੀ ‘ਚ ਖਾਲਿਸਤਾਨ ਹਮਾਇਤੀਆਂ ਦੇ ਸ਼ਾਮਲ ਹੋਣ ਤੇ ਮੋਦੀ ਸਰਕਾਰ ਦੇ ਸ ਸਮਰਥਕਾਂ ਨੂੰ ਧਮਕੀ ਮਿਲਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਦੂਜੇ ਪਾਸੇ ਹਿੰਦੂ ਭਾਈਚਾਰੇ ਵਿੱਚ ਵੀ ਕੁਝ ਸ਼ਰਾਰਤੀ ਅਨਸਰਾਂ ਦੀਆਂ ਬਾਗ਼ੀ ਸੁਰਾਂ ਸੁਣਨ ਨੂੰ ਮਿਲੀਆਂ, ਜਿਨ੍ਹਾਂ ਨੇ ਸਟੋਰ, ਰੈਸਟੋਰੈਂਟ ਜਿਹੀਆਂ ਸਿੱਖਾਂ ਦੀਆਂ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।
ਇਸ ਸਭ ਦੇ ਵਿਚਾਲੇ ‘ਵੈਟਰਨਸ ਐਸੋਸੀਏਸ਼ਨ ਆਫ਼ ਉਨਟਾਰੀਓ’ ਮਤਭੇਦ ਖ਼ਤਮ ਕਰਵਾ ਕੇ ਕੈਨੇਡਾ ‘ਚ ਵੱਸਦੇ ਸਾਰੇ ਭਾਰਤੀ ਭਾਈਚਾਰੇ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਲਈ ਮੁਹਿੰਮ ਚਲਾ ਰਹੀ ਹੈ। ਨਵਾਬ ਸਿੰਘ ਹੀਰ ਨੇ ਕਿਹਾ ਕਿ ਉਹ ਸਾਰੇ ਆਪਣੇ ਮਿਸ਼ਨ ਵਿੱਚ ਜ਼ਰੂਰ ਸਫ਼ਲ ਹੋਣਗੇ।