ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਤਾਈ ਚਿੰਤਾ
ਔਟਵਾ, 12 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੁਲਿਸ ਅਧਿਕਾਰੀਆਂ ’ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਨ੍ਹਾਂ ’ਚ ਹੁਣ ਤੱਕ ਬੀਤੇ ਕੁਝ ਮਹੀਨਿਆਂ ਵਿੱਚ ਹੀ 9 ਪੁਲਿਸ ਅਧਿਕਾਰੀਆਂ ਦੀ ਮੌਤ ਚੁੱਕੀ ਹੈ। ਬੀਤੇ ਕੱਲ੍ਹ ਹੀ ਜ਼ਖਮੀ ਹੋਏ ਤਿੰਨ ਅਧਿਕਾਰੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ। ਸੋ ਇਨ੍ਹਾਂ ਘਟਨਾਵਾਂ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਨ੍ਹਾਂ ਨੂੰ ਰੋਕਣ ਲਈ ਵੱਡੇ ਕਦਮ ਚੁੱਕੇ ਜਾਣਗੇ।
ਬੀਤੇ ਦਿਨ ਔਟਵਾ ਦੇ ਪੂਰਬ ਵਿੱਚ ਦਿਨ-ਦਿਹਾੜੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਫ਼ਸਰ ਦੀ ਮੌਤ ਹੋ ਜਾਣ ਤੇ ਦੋ ਹੋਰਨਾਂ ਦੇ ਜ਼ਖ਼ਮੀ ਹੋਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਸਾਡੇ ਪੁਲਿਸ ਅਧਿਕਾਰੀ ਸ਼ਹੀਦ ਹੋ ਰਹੇ ਹਨ ਤੇ ਇਹ ਸੱਭ ਰੁਕਣਾ ਚਾਹੀਦਾ ਹੈ। ਅਜਿਹਾ ਹੋਰ ਨਹੀਂ ਹੋਣਾ ਚਾਹੀਦਾ।