***ਕੌਮਾਂਤਰੀ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ
ਟੋਰਾਂਟੋ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀਆਂ ਜ਼ਿਆਦਾਤਰ ਯੂਨੀਵਰਸਿਟੀਜ਼ ਨੇ ਸਤੰਬਰ ਤੋਂ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ ਜਿਸ ਮਗਰੋਂ ਕੌਮਾਂਤਰੀ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜੋ ਹਾਲੇ ਤੱਕ ਕੈਨੇਡਾ ਨਹੀਂ ਪਹੁੰਚ ਸਕੇ ਅਤੇ ਆਨਲਾਈਨ ਕਲਾਸਾਂ ਲਾਉਣ ਲਈ ਮਜਬੂਰ ਹਨ। ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਨੂੰ ਪੂਰੀ ਉਮੀਦ ਹੈ ਕਿ ਸਤੰਬਰ ਤੱਕ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਕਲਾਸਾਂ ਆਮ ਵਾਂਗ ਸ਼ੁਰੂ ਕੀਤੀਆਂ ਜਾ ਸਕਣਗੀਆਂ। ਮੌਜੂਦਾ ਸਮੇਂ ਵਿਚ ਲਾਗੂ ਆਵਾਜਾਈ ਬੰਦਿਸ਼ਾਂ ਤਹਿਤ ਸਿਰਫ਼ ਉਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਆ ਸਕਦੇ ਹਨ ਜਿਨ੍ਹਾਂ ਨੂੰ ਵਾਇਰਸ ਦੇ ਟਾਕਰੇ ਲਈ ਕੀਤੇ ਪ੍ਰਬੰਧਾਂ ਦੇ ਮੱਦੇਨਜ਼ਰ ਫ਼ੈਡਰਲ ਸਰਕਾਰ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਨਵੰਬਰ ਦੌਰਾਨ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2018-19 ਦੇ ਅਕਾਦਮਿਕ ਵਰ੍ਹੇ ਦੌਰਾਨ ਦਾਖ਼ਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਦੋ-ਤਿਹਾਈ ਨੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਨੂੰ ਤਰਜੀਹ ਦਿਤੀ। ਯੂਨੀਵਰਸਿਟੀ ਆਫ਼ ਟੋਰਾਂਟੋ ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਸਣੇ ਵੱਡੀ ਗਿਣਤੀ ਵਿਚ ਵਿਦਿਅਕ ਸੰਸਥਾਵਾਂ ਵੱਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਫਿਰ ਵੀ ਹਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਗੱਲ ‘ਤੇ ਜ਼ੋਰ ਦਿਤਾ ਗਿਆ ਹੈ ਕਿ ਕੋਰੋਨਾ ਵਾਇਰਸ ਤੋਂ ਦਰਪੇਸ਼ ਖ਼ਤਰੇ ਦੀ ਮੁਕੰਮਲ ਸਮੀਖਿਆ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਾਇਰਸ ਤੋਂ ਬਚਾਉਣ ਦਾ ਹਰ ਉਪਾਅ ਕੀਤੇ ਜਾਵੇਗਾ। ਫ਼ੈਡਰਲ ਸਰਕਾਰ ਵੱਲੋਂ ਸਤੰਬਰ ਤੱਕ ਕੈਨੇਡਾ ਵਿਚ ਮੌਜੂਦ ਹਰ ਬਾਲਗ ਨੂੰ ਵੈਕਸੀਨੇਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨੂੰ ਵੇਖਦਿਆਂ ਵਿਦਿਅਕ ਸੰਸਥਾਵਾਂ ਵਿਚ ਮੁੜ ਰੌਣਕਾਂ ਲੱਗਣ ਦੇ ਆਸਾਰ ਵਧਦੇ ਨਜ਼ਰ ਆ ਰਹੇ ਹਨ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦਾ ਜ਼ਿਕਰ ਕੀਤਾ ਜਾਵੇ ਤਾਂ ਕੌਮਾਂਤਰੀ ਵਿਦਿਆਰਥੀਆਂ ਵਾਸਤੇ ਕੁਆਰਨਟੀਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਅਤੇ ਜ਼ਰੂਰਤ ਮਹਿਸੂਸ ਹੋਈ ਤਾਂ ਵਿਦਿਆਥੀਆਂ ਨੂੰ ਮੌਕੇ ‘ਤੇ ਟੀਕੇ ਵੀ ਲਾਏ ਜਾਣਗੇ। ਯੂਨੀਵਰਸਿਟੀ ਆਫ਼ ਵਿਕਟੋਰੀਆ, ਵੈਨਕੂਵਰ ਆਇਲੈਂਡ ਯੂਨੀਵਰਸਿਟੀ ਅਤੇ ਸਾਇਮਨ ਫ਼ਰੇਜ਼ਰ ਯੂਨੀਵਰਸਿਟੀ ਵੱਲੋਂ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਉਨਟਾਰੀਓ ਦੀ ਵਿੰਡਸਰ ਯੂਨੀਵਰਸਿਟੀ, ਵੈਸਟ੍ਰਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਔਟਵਾ ਅਤੇ ਬਰੌਕ ਯੂਨੀਵਰਸਿਟੀ ਵੱਲੋਂ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ।