***ਦੋ ਹਫ਼ਤੇ ਲਈ ਸਾਰੇ ਕਰਮਚਾਰੀ ਕੀਤੇ ਗਏ ਏਕਾਂਤਵਾਸ
ਟੋਰਾਂਟੋ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਦੂਜੇ ਮੁਲਕਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸੇ ਵਿਚਕਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਐਮਾਜ਼ੌਨ ਕੰਪਨੀ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਇੱਥੇ ਕੋਰੋਨਾ ਦੇ ਕੇਸ ਆਉਣ ਕਾਰਨ ਕੈਨੇਡਾ ਦੀ ਪਬਲਿਕ ਹੈਲਥ ਅਥਾਰਟੀ ਨੇ ਐਮਾਜ਼ੌਨ ਨੂੰ ਨੋਟਿਸ ਜਾਰੀ ਕਰਦਿਆਂ ਕੰਪਨੀ ਦੇ ਸਾਰੇ ਰਿਟੇਲ ਅਤੇ ਈ-ਕਾਮਰਸ ਸੈਂਟਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਪੀਲ ਪਬਲਿਕ ਹੈਲਥ ਨੇ ਉਟਟਾਰੀਓ ਹੈਲਥ ਪ੍ਰੋਟੈਕਸ਼ਨ ਐਂਡ ਪ੍ਰਮੋਸ਼ਨ ਐਕਟ ਦੇ ਤਹਿਤ ਬਰੈਂਪਟਨ ਵਿੱਚ 8050 ਹੈਰੀਟੇਜ ਰੋਡ ‘ਤੇ ਕੰਮ ਕਰ ਰਹੇ ਐਮਾਜ਼ੌਨ ਦੇ ਸਾਰੇ ਵਰਕਰਜ਼ ਨੂੰ 2 ਹਫ਼ਤਿਆਂ ਲਈ ਆਈਸੋਲੇਟ ਕਰਨ ਦਾ ਹੁਕਮ ਜਾਰੀ ਕੀਤਾ ਹੈ, ਜੋ 13 ਮਾਰਚ, 2021 ਤੋਂ ਸੇਵਾਵਾਂ ਦੇ ਰਹੇ ਸਨ। ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਰਕਰਾਂ ਨੂੰ 27 ਮਾਰਚ ਤੱਕ ਏਕਾਂਤਵਾਸ ਰੱਖਿਆ ਗਿਆ ਹੈ।
ਹੈਲਥ ਮੈਡੀਕਲ ਅਫਸਰ ਡਾ. ਲਾਰੈਂਸ ਸੀ ਲੋਹ ਨੇ ਕਿਹਾ ਕਿ ਐਮਾਜ਼ੌਨ ਵਿੱਚ ਹੇਠਲੇ ਤਬਕੇ ਦੇ ਹਜ਼ਾਰਾਂ ਲੋਕ ਕੰਮ ਕਰਦੇ ਹਨ, ਜਿਸ ਭਾਈਚਾਰੇ ਵਿੱਚ ਇਹ ਵਰਕਰ ਰਹਿੰਦੇ ਹਨ, ਉਨ੍ਹਾਂ ਦੀ ਸੁਰੱਖਿਆ ਲਈ ਤਤਕਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਸ ਬੰਦ ਦਾ ਉਨ੍ਹਾਂ ਦੇ ਕੈਨੇਡਾ ‘ਚ ਗਾਹਕਾਂ ‘ਤੇ ਕੁਝ ਪ੍ਰਭਾਵ ਪੈ ਸਕਦਾ ਹੈ, ਪਰ ਹਾਲਾਤ ਠੀਕ ਹੋਣ ਮਗਰੋਂ ਕੰਪਨੀ ਫਿਰ ਤੋਂ ਸੇਵਾਵਾਂ ਜਾਰੀ ਕਰੇਗੀ। ਇਸ ਤੋਂ ਪਹਿਲਾਂ ਐਮਾਜ਼ੌਨ ਨੇ ਪਿਛਲੇ ਸਾਲ ਦਸੰਬਰ ਵਿੱਚ ਨਿਊਜ ਜਰਸੀ ਵਿੱਚ ਬਣੇ ਆਪਣੇ ਇੱਕ ਗੋਦਾਮ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਸੀ।