ਟੋਰਾਂਟੋ, 22 ਅਪ੍ਰੈਲ, ਹ.ਬ. : ਕੈਨੇਡਾ ਦੇ ਪੀਅਰਸਨ ਹਵਾਈ ਅੱਡੇ ’ਤੇ 17 ਅਪ੍ਰੈਲ ਦੀ ਦੇਰ ਸ਼ਾਮ ਨੂੰ ਇਕ ਵਿਸ਼ੇਸ਼ ਕੰਟੇਨਰ ਪਹੁੰਚਿਆ। ਇਸ ਵਿੱਚ 14.8 ਮਿਲੀਅਨ ਡਾਲਰ ਯਾਨੀ 121 ਕਰੋੜ ਰੁਪਏ ਦਾ ਸੋਨਾ ਅਤੇ ਹੋਰ ਕੀਮਤੀ ਸਮਾਨ ਸੀ। ਇਸ ਨੂੰ ਸੁਰੱਖਿਅਤ ਤਰੀਕੇ ਨਾਲ ਕੰਟੇਨਰ ਦੀ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ। 20 ਅਪ੍ਰੈਲ ਨੂੰ ਪਤਾ ਲੱਗਾ ਕਿ ਸਾਰਾ ਮਾਲ ਚੋਰੀ ਹੋ ਗਿਆ ਸੀ। ਉਦੋਂ ਤੋਂ ਹੀ ਕੈਨੇਡੀਅਨ ਪੁਲਿਸ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਂਚ ਤੋਂ ਬਾਅਦ ਇੰਸਪੈਕਟਰ ਡੁਈਵਿਸਟਨ ਨੇ ਇਸ ਮਾਮਲੇ ਨੂੰ ਵਿਲੱਖਣ ਦੱਸਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਇਹ ਨਹੀਂ ਦੱਸ ਸਕਦੇ ਕਿ ਇਹ ਕਾਰਗੋ ਕਿਸ ਕੰਪਨੀ ਦਾ ਹੈ ਅਤੇ ਕਿਸ ਏਅਰਲਾਈਨ ਤੋਂ ਲਿਆਂਦਾ ਗਿਆ ਸੀ ਅਤੇ ਇਸ ਦਾ ਵਜ਼ਨ ਕਿੰਨਾ ਸੀ।
ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਪਿੱਛੇ ਕਿਸੇ ਵੱਡੇ ਗਿਰੋਹ ਦਾ ਹੱਥ ਹੈ। ਇਹ ਗਰੋਹ ਕੈਨੇਡਾ ਵਿੱਚ ਹੈ ਜਾਂ ਨਹੀਂ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੋਈ ਵੱਡਾ ਸੁਰਾਗ ਮਿਲਿਆ ਹੈ।