ਦੇਹਰਾਦੂਨ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਤੋਂ ਬਚਾਅ ਲਈ ਦੇਸ਼ ਭਰ ‘ਚ ਜਾਰੀ ਟੀਕਾਕਰਨ ਮੁਹਿੰਮ ਦੌਰਾਨ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ਼ ਇੰਡੀਆ (ਆਈਆਰਡੀਏਆਈ) ਨੇ ਕਿਹਾ ਹੈ ਕਿ ਜੇ ਟੀਕੇ ਤੋਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਬੀਮੇ ਦਾ ਲਾਭ ਮਿਲੇਗਾ। ਵੀਰਵਾਰ ਨੂੰ ਇਕ ਬਿਆਨ ‘ਚ ਬੀਮਾ ਰੈਗੂਲੇਟਰੀ ਨੇ ਕਿਹਾ ਕਿ ਕੋਰੋਨਾ ਟੀਕੇ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਦੀ ਲਪੇਟ ‘ਚ ਆਉਣ ਵਾਲੇ ਮਰੀਜ਼ ਸਿਹਤ ਬੀਮਾ ਦੇ ਤਹਿਤ ਹਸਪਤਾਲ ‘ਚ ਇਲਾਜ ਕਰਵਾ ਸਕਦੇ ਹਨ। ਆਈਆਰਡੀਏਆਈ ਨੇ ਕਿਹਾ ਕਿ ਕੁਝ ਰਿਪੋਰਟਾਂ ‘ਚ ਇਸ ਗੱਲ ‘ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਕੀ ਕੋਵਿਡ-19 ਟੀਕਾਕਰਨ ਦੇ ਮਾੜੇ ਪ੍ਰਭਾਵ ਕਾਰਨ ਬੀਮਾ ਕਵਰ ਦਾ ਲਾਭ ਹਸਪਤਾਲ ‘ਚ ਭਰਤੀ ਹੋਣ ‘ਤੇ ਦਿੱਤਾ ਜਾਵੇਗਾ ਜਾਂ ਨਹੀਂ।
ਇਸ ਦੀ ਜਾਣਕਾਰੀ ਦਿੰਦਿਆਂ ਆਈਆਰਡੀਏਆਈ ਨੇ ਕਿਹਾ ਹੈ ਕਿ ਜੇ ਟੀਕਾਕਰਣ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਹੋਣ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਬੀਮਾ ਕਵਰ ਮਿਲੇਗਾ। ਬੀਮਾ ਰੈਗੂਲੇਟਰ ਆਈਆਰਡੀਏਆਈ ਦਾ ਇਹ ਸਪਸ਼ਟੀਕਰਨ ਬਹੁਤ ਮਹੱਤਵਪੂਰਨ ਹੈ। ਇਸ ਬਿਆਨ ਮਗਰੋਂ ਕਈ ਅਟਕਲਾਂ ਖ਼ਤਮ ਹੋ ਗਈਆਂ ਹਨ।
ਦੂਜੇ ਪਾਸੇ ਇਕ ਮਹੱਤਵਪੂਰਨ ਨਿਰਦੇਸ਼ ‘ਚ ਆਈਆਰਡੀਏਆਈ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਇਸ ਸੇਵਾ ਬਦਲੇ ਪ੍ਰੀਮੀਅਮ ਵਧਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ। ਇਹ ਸਿਹਤ ਸਮੇਤ ਹਾਦਸਾ ਅਤੇ ਯਾਤਰਾ ਹਰ ਤਰ੍ਹਾਂ ਦੇ ਬੀਮਾ ਉਤਪਾਦਾਂ ਲਈ ਮਨਜ਼ੂਰਸ਼ੁਦਾ ਹੋਵੇਗਾ।
ਉਤਪਾਦ ਨੂੰ ਹੋਰ ਬਿਹਤਰ ਬਣਾਉਣ ਲਈ ਇਸੇ ਹਫ਼ਤੇ ਜਾਰੀ ਸਰਕੁਲਰ ‘ਚ ਕੰਸੋਲੀਡੇਟਿਡ ਗਾਈਡਲਾਈਨਸ ਆਨ ਪ੍ਰੋਡਕਟ ਫਾਈਲਿੰਗ ਇਨ ਹੈਲਥ ਬਿਜਨੈਸ ਦਾ ਜ਼ਿਕਰ ਵੀ ਕੀਤਾ ਜਾ ਚੁੱਕ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਪਾਲਿਸੀ ਤਿਆਰ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਉਹ ਸਿਹਤ ਖੇਤਰ ਦੇ ਹਰੇਕ ਬੀਮੇ ਦਾ ਵਿੱਤੀ ਪੱਧਰ ‘ਤੇ ਮੁਲਾਂਕਣ ਕਰਕੇ ਰਿਪੋਰਟ ਜਮਾਂ ਕਰਨ। ਵਿੱਤੀ ਸਾਲ ਦੀ ਸਮਾਪਤੀ ਤੋਂ ਬਾਅਦ 30 ਸਤੰਬਰ ਤਕ ਰਿਪੋਰਟ ਜਮਾਂ ਹੋ ਜਾਣੀ ਚਾਹੀਦੀ ਹੈ।