Home ਸਾਹਿਤਕ ਖੇਡਾਂ ਵਿੱਚ ਨਸ਼ਿਆਂ ਦੀ ਵਰਤੋਂ ਕਦੋਂ ਤੋਂ ਕਿੱਥੋਂ ਤਕ ?

ਖੇਡਾਂ ਵਿੱਚ ਨਸ਼ਿਆਂ ਦੀ ਵਰਤੋਂ ਕਦੋਂ ਤੋਂ ਕਿੱਥੋਂ ਤਕ ?

0
ਖੇਡਾਂ ਵਿੱਚ ਨਸ਼ਿਆਂ ਦੀ ਵਰਤੋਂ ਕਦੋਂ ਤੋਂ ਕਿੱਥੋਂ ਤਕ ?

ਡੋਪਿੰਗ ਜਾਂ ਡਰੱਗਜ਼ ਦਾ ਇਸਤੇਮਾਲ ਖਿਡਾਰੀ ਪ੍ਰਦਰਸ਼ਨ ਨੂੰ ਵਧਾਉਣ ਲਈ ਕਰਦੇ ਹਨ। ਇਸ ਦੀ ਵਰਤੋਂ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਹੀ ਹੋਈ ਹੈ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਕਾਲ ‘ਚ ਖਿਡਾਰੀ ਆਪਣੇ ਆਪ ਨੂੰ ਸਰਵ ਉੱਤਮ ਬਣਾਉਣ ਲਈ ਕਾਫੀ ਸਾਰੇ ਗੈਰ-ਕਾਨੂੰਨੀ ਢੰਗਾਂ ਦਾ ਇਸਤੇਮਾਲ ਕਰਦੇ ਰਹੇ ਹਨ।ਸ਼ੁਰੂ ਤੋਂ ਹੀ ਜਿੱਤਣ ਵਾਲੇ ਦੀ ਬਹੁਤ ਜ਼ਿਆਦਾ ਵਾਹਵਾ ਅਤੇ ਹਾਰਨ ਵਾਲੇ ਨੂੰ ਫਿੱਟੇ ਮੂੰਹ ਕਹਿਣ ਵਾਲਿਆਂ ਕਾਰਨ ਹਰ ਕੋਈ ਜਿੱਤਣਾ ਚਾਹੁੰਦਾ ਸੀ ਅਤੇ ਹੈ। ਇਸ ਜਿੱਤ ਨੂੰ ਪ੍ਰਾਪਤ ਕਰਨ ਲਈ ਚਾਹੇ ਉਸ ਨੂੰ ਕੁਝ ਵੀ ਕਰਨਾ ਪਵੇ। ਜਿੱਤ ਨੂੰ ਪ੍ਰਾਪਤ ਕਰਨ ਲਈ ਚਾਹੇ ਆਪਣੀ ਜਾਨ ਦੀ ਬਾਜ਼ੀ ਲਾਉਣੀ ਪਵੇ ਜਾਂ ਸਰੀਰ ਦਾ ਕੁਝ ਵੀ ਨੁਕਸਾਨ ਕਰਾਉਣਾ ਪਵੇ, ਉਹ ਕਰਨ ਲਈ ਤਿਆਰ ਹੋ ਜਾਂਦੇ ਸਨ।
ਇਸ ਦੀ ਉਦਾਹਰਣ ਸਾਨੂੰ ਏਥਨਜ਼ ਦੀਆਂ ਖੇਡਾਂ ਤੋਂ ਮਿਲਦੀ ਹੈ। 490 ਬੀਸੀ ਵਿੱਚ ਫਾਰਸੀ ਆਰਮੀ ਏਥਨਜ਼ ਤੋਂ 25 ਮੀਲ ਦੀ ਦੂਰੀ ‘ਤੇ ਮੈਰਾਥਨ ਦੇ ਮੈਦਾਨ ‘ਚ ਲੜਾਈ ਲਈ ਉੱਤਰੀ। ਏਥਨਜ਼ ਨੇ ਫਿਡੀਪੀਡੀਸ ਨਾਮ ਦਾ ਇੱਕ ਮਸੈਂਜਰ ਸਪਾਰਟਾ ਤੋਂ ਮਦਦ ਮੰਗਣ ਲਈ ਭੇਜਿਆ। ਉਸ ਨੇ ਦੋ ਦਿਨਾਂ ਵਿੱਚ ਡੇਢ ਸੌ ਮੀਲ ਦੌੜ ਲਾਈ। ਸਪਾਰਟਨ ਉਸ ਮਦਦ ਲਈ ਦੇਰ ਨਾਲ ਪਹੁੰਚੇ, ਪਰ ਏਥਨਜ਼ ਸੈਨਾ ਨੇ ਫ਼ਾਰਸੀ ਆਰਮੀ ਨੂੰ ਹਰਾ ਦਿੱਤਾ ਅਤੇ ਦੁਬਾਰਾ ਉਸ ਦੌੜਾਕ ਨੂੰ ਜਿੱਤ ਦੀ ਖ਼ਬਰ ਦੇਣ ਲਈ ਏਥਨਸ ਵਾਪਸ ਭੱਜਣਾ ਪਿਆ। ਉਸ ਨੇ ਜਾ ਕੇ ਜਿੱਤ ਦੀ ਖ਼ਬਰ ਸੁਣਾਈ ਅਤੇ ਥੱਕ ਕੇ ਮਰ ਗਿਆ। ਇਥੋਂ ਇਹ ਸਾਬਤ ਹੁੰਦਾ ਹੈ ਕਿ ਜਿੱਤਣ ਲਈ ਜਾਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਜਾਨ ਦੀ ਬਾਜ਼ੀ ਲਗਾਉਣਾ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ।
ਬਹੁਤ ਸਾਰੇ ਲੇਖਕਾਂ ਨੇ ਪ੍ਰਾਚੀਨ ਯੂਨਾਨ ਦੇ ਸ਼ੁਰੂ ਵਿੱਚ ਖੇਡਾਂ ਵਿੱਚ ਪ੍ਰਦਰਸ਼ਨ ਨੂੰ ਵਧਾਉਣ ਵਾਲੇ ਨਸ਼ੀਲੇ ਪਦਾਰਥਾਂ ਦਾ ਵਰਨਣ ਕੀਤਾ ਹੈ। ਜਿੱਥੇ ਅਥਲੀਟ ਕਾਰਗੁਜ਼ਾਰੀ ਨੂੰ ਵਧਾਉਣ ਦੇ ਇਕ ਸਾਧਨ ਦੇ ਰੂਪ ਵਿਚ ਹੈਲੀਸੀਨੋਜ਼ਨਿਕ ਮਸ਼ਰੂਮ ਤਿਲ ਦੇ ਬੀਜ ਅਤੇ ਬਰਾਂਡੀ ਅਤੇ ਵਾਈਨ ਦੇ ਮਿਸ਼ਰਣ ਵਰਗੇ ਪਦਾਰਥਾਂ ਦੀ ਵਰਤੋਂ ਕਰਦੇ ਸਨ।
ਪ੍ਰਾਚੀਨ ਖੇਡਾਂ ਵਿੱਚ ਭਾਵੇਂ ਨਸ਼ੇ ਦੀ ਵਰਤੋਂ ਰਿਕਾਰਡ ਵਿਚ ਨਹੀਂ ਹੈ। ਪਰ ਆਧੁਨਿਕ ਓਲੰਪਿਕ ਵਿਚ ਪ੍ਰਦਰਸ਼ਨ ਨੂੰ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਰਿਕਾਰਡ ਕੀਤੀ ਹੋਈ ਮਿਲਦੀ ਹੈ। ਜਦੋਂ ਤੀਜੀ ਓਲੰਪੀਆਡ ਦੀਆਂ ਖੇਡਾਂ ਸ਼ੁਰੂ ਹੁੰਦੀਆਂ ਹਨ ਤਾਂ ਉੱਥੇ ਮੈਰਾਥਨ ਦੌੜਾਕ ਥੌਮਸ ਹਿਕਸ ਨੇ ਮੈਰਾਥਨ ਰੇਸ ਦੇ ਮੱਧ ਵਿਚ ਸਟ੍ਰਾਈਚਾਈਨ ਦਾ ਟੀਕਾ ਲਗਾਉਣ ਤੋਂ ਬਾਅਦ ਇਹ ਮੈਰਾਥਨ ਜਿੱਤੀ। ਉਸ ਸਮੇਂ ਇਹ ਪਹਿਲਾ-ਪਹਿਲਾ ਪਦਾਰਥ ਜਾਂ ਕੈਮੀਕਲ ਸੀ, ਜਿਸ ਨੂੰ ਪ੍ਰਤੀਬੰਦ ਕੀਤਾ ਗਿਆ ਅਤੇ ਇਸ ਨੂੰ ਇੰਟਰਨੈਸ਼ਨਲ ਅਮਿਊਚਰ ਅਥਲੈਟਿਕ ਫੈਡਰੇਸ਼ਨ ਨੇ 1928 ਵਿੱਚ ਬੈਨ ਕਰ ਦਿੱਤਾ।
ਖੇਡਾਂ ਵਿਚ ਨਸ਼ਿਆਂ ਦੇ ਇਸਤੇਮਾਲ ਕਰਕੇ ਜਿੱਤਨਾ ਕੋਈ ਨਵੀਂ ਗੱਲ ਨਹੀਂ ਹੈ, ਪਰ ਹੁਣੇ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਜਾ ਰਹੀ ਹੈ। 1976 ਵਿੱਚ ਪੂਰਬੀ ਜਰਮਨ ਦੀ ਤੈਰਾਕੀ ਟੀਮ ਨੇ ਓਲੰਪਿਕ ਦੇ ਤੇਰਾਂ ਵਿੱਚੋਂ ਗਿਆਰਾਂ ਮੁਕਾਬਲੇ ਜਿੱਤੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਐਨਾਬੌਲਿਕ ਸਟੀਰਾਇਡ ਦੇਣ ਲਈ ਸਰਕਾਰ ਦੀ ਭਾਗੇਦਾਰੀ ਸਾਹਮਣੇ ਆਈ ਜਿਸ ਨੇ ਮੁਕਾਬਲੇ ਜਿੱਤਣ ਲਈ ਇਹ ਦਵਾਈਆਂ ਅਤੇ ਸਟੀਰੌਇਡ ਦਾ ਪ੍ਰਬੰਧ ਕੀਤਾ ਸੀ। 1992 ‘ਚ ਵਿੱਕੀ ਰਾਬੀ ਨੌਂਦੇ ਪੱਤਰਕਾਰ ਨੇ ਅਥਲੀਟਾਂ ਦੇ ਇੱਕ ਛੋਟੇ ਸਮੂਹ ਦੀ ਇੰਟਰਵਿਊ ਕੀਤੀ ਜਿਸ ਵਿੱਚੋਂ ਉਸ ਨੇ ਇਹ ਨਤੀਜਾ ਕੱਢਿਆ ਕੇ ਖਿਡਾਰੀਆਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਸਫਲ ਅਥਲੀਟ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ ਆਪਣੇ ਖੇਡ ਕੈਰੀਅਰ ਵਿਚ ਜ਼ਰੂਰ ਕਰਦੇ ਹਨ।
ਬਹੁਤ ਸਾਰੇ ਮਾਹਿਰ ਖੇਡਾਂ ਵਿਚ ਗ਼ੈਰਕਾਨੂੰਨੀ ਡੋਪਿੰਗ ਜਾਂ ਨਸ਼ਿਆਂ ਦੀ ਸ਼ੁਰੂਆਤ 1900 ਦੇ ਦਹਾਕੇ ਤੋਂ ਮੰਨਦੇ ਹਨ। ਪਰ ਸ਼ੁਰੂ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਨਸ਼ਾ ਕਰਨ ਵਾਲੇ ਅਥਲੀਟ ਮਨੁੱਖ ਨਹੀਂ ਸਨ ਬਲਕਿ ਘੋੜੇ ਸਨ। ਘੋੜਿਆਂ ਦੀ ਗਤੀ ਨੂੰ ਵਧਾਉਣ ਅਤੇ ਘੋੜ ਦੌੜ ਨੂੰ ਜਿੱਤਣ ਲਈ ਘੋੜਿਆਂ ਨੂੰ ਬਹੁਤ ਸਾਰੇ ਗ਼ੈਰ-ਕਾਨੂੰਨੀ ਪਦਾਰਥ ਦਿੱਤੇ ਜਾਂਦੇ ਸਨ।
1950 ਦੀਆਂ ਓਲੰਪਿਕ ਖੇਡਾਂ ਵਿੱਚ ਪ੍ਰਦਰਸ਼ਨ ਵਿਚ ਵਾਧਾ ਕਰਨ ਲਈ ਅਕਸਰ ਹੀ ਅਥਲੈਟਿਕਸ ਦੇ ਈਵੈਂਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਕਰਦੇ ਸਨ। ਇਹ ਓਲੰਪਿਕ ਦੇ ਸ਼ੁਰੂ ਤੋਂ ਹੀ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਹੈ। 1950 ਦੇ ਦਹਾਕੇ ਵਿਚ ਸੋਵੀਅਤ ਪ੍ਰਯੋਜਿਤ ਸਰਕਾਰੀ ਸਿਖਲਾਈ ਪ੍ਰੋਗਰਾਮਾਂ ਨੇ ਤਾਕਤ ਅਤੇ ਸ਼ਕਤੀ ਨੂੰ ਵਧਾਉਣ ਦੇ ਤਰੀਕੇ ਵਜੋਂ ਸਟੀਰਾਇਡ ਅਤੇ ਟੈਸਟੋਸਟੀਰੋਨ ਵਰਗੇ ਪਦਾਰਥਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦਕਿ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਦੀ ਜਾਂਚ 1960 ਦੇ ਦਹਾਕੇ ਦੇ ਮੱਧ ਤਕ ਵਿਆਪਕ ਤੌਰ ਤੇ ਉਪਲੱਬਧ ਨਹੀਂ ਸੀ। ਉਸ ਤੋਂ ਬਾਅਦ ਵੀ ਡਾਕਟਰਉਹਨਾਸਾਰੀਆਂ ਦਵਾਈਆਂ ਦੀ ਪਹਿਚਾਣ ਨਹੀਂ ਕਰ ਸਕੇ ਜੋ ਅਥਲੀਟ ਵਰਤ ਰਹੇ ਸਨ।
ਬਦਕਿਸਮਤੀ ਨਾਲ ਬੇਸਬਾਲ ਵਿੱਚ ਉਤੇਜਕ ਸ਼ਕਤੀ ਨੂੰ ਵਧਾਉਣ ਲਈ ਕੋਚਾ, ਸਿਖਲਾਈ ਕਰਤਾ ਅਤੇ ਟੀਮ ਦੇ ਡਾਕਟਰ ਨੇ ਬੇਸਬਾਲ ਵਿੱਚ ਛੇਤੀ ਹੀ ਡੋਪਿੰਗ ਦੀ ਵਰਤੋਂ ਕਰਨ ਵਿੱਚ ਯੋਗਦਾਨ ਪਾਇਆ, ਜਿਸ ਵਿੱਚ ਅਥਲੀਟ ਦੇ ਪ੍ਰਦਰਸ਼ਨ ਨੂੰ ਵਧਾਉਣ ਲਈ ਉਤੇਜਕ ਡੈਕਸਾ ਮਾਈਲ ਅਤੇ ਟੈਕਸਡਾਈਵਰਵਰਗੇਪਦਾਰਥਵੀ ਸ਼ਾਮਲ ਸਨ।
ਉਸੇ ਤਰ੍ਹਾਂ ਸਾਈਕਲਿੰਗ ਨੇ ਖੇਡਾਂ ਵਿੱਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੀ ਇਕ ਸਭ ਤੋਂ ਵਿਵਾਦਪੂਰਨ ਉਦਾਹਰਨ ਨੂੰ ਪੇਸ਼ ਕੀਤਾ। ਉਦਾਹਰਣ ਵਜੋਂ ਸਾਈਕਲਿੰਗ ਦੀ ਦੁਨੀਆਂ ਵਿਚ ਅਥਲੀਟਾਂ ਦੁਆਰਾ ਖੂਨ ਦੀ ਡੋਪਿੰਗ ਦੀ ਵਰਤੋਂ ਕਰਨ ਦਾ ਇਤਿਹਾਸ ਦੇਖਿਆ ਗਿਆ ਹੈ। ਖੂਨ ਦੀ ਡੋਪਿੰਗ ਤੋਂ ਭਾਵ ਖਿਡਾਰੀ ਦੇ ਖ਼ੂਨ ਨੂੰ ਕੱਢ ਕੇ ਦੁਬਾਰਾ ਉਸ ਨੂੰ ਚੜਾਉਣਾ ਹੁੰਦਾ ਹੈ ਜੋ ਕਿ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ। 1998 ਵਿੱਚ ਪੁਲਿਸ ਨੇ ਖੂਨ ਦੀ ਡੋਪਿੰਗ ਦੀ ਵਰਤੋਂ ਕਰਦਿਆਂ ਟੂਰ ਡੀ ਫਰਾਂਸ ਦੀ ਸਾਈਕਲਿੰਗ ਟੀਮ ‘ਤੇ ਛਾਪਾ ਮਾਰਿਆ, ਜਿਸ ਨਾਲ ਡੋਪਿੰਗ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਆਈ। ਸਭ ਤੋਂ ਮਸ਼ਹੂਰ ਡੋਪਿੰਗ ਘੁਟਾਲਿਆਂ ਵਿਚੋਂ ਇਕ ਲਾਂਸ ਆਰਮਸਟਰਾਂਗ ਦਾ ਨਾਮ ਸੀ, ਜਿਸ ਨੇ ਸਾਈਕਲ ਸਵਾਰ ਟੂਰ ਡੀ ਫਰਾਂਸ ਦੇ ਸੱਤ ਖਿਤਾਬ ਜਿੱਤੇ ਸਨ। ਬਦਕਿਸਮਤੀ ਨਾਲ ਪ੍ਰਦਰਸ਼ਨ ਵਧਾਉਣ ਵਾਲੀਆਂ ਦਵਾਈਆਂ ਦਾ ਪ੍ਰਚੱਲਿਤ ਅਜੇ ਵੀ ਸਾਈਕਲਿੰਗ ਵਿੱਚ ਉਸੇ ਤਰ੍ਹਾਂ ਮੌਜੂਦ ਹੈ। ਮੈਡਸਕੇਪ ਦੇ ਅਨੁਸਾਰ ਅਨੁਮਾਨਤ 90% ਪੇਸ਼ੇਵਰ ਸਾਈਕਲ ਸਵਾਰਾਂ ਨੇ ਆਪਣੇ ਕੈਰੀਅਰ ਦੇ ਕਿਸੇ ਪੜਾਅ ਉੱਤੇ ਪ੍ਰਦਰਸ਼ਨ ਨੂੰ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ ਹੋਈ ਹੈ।
ਇੱਥੇ ਇਹ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਆਖ਼ਿਰ ਅਥਲੀਟ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਿਉਂ ਕਰਦੇ ਹਨ।ਅਥਲੀਟਾਂ ਦੇ ਗ਼ੈਰ-ਕਾਨੂੰਨੀ ਪਦਾਰਥਾਂ ਦੇ ਇਸਤੇਮਾਲ ਕਰਨ ਦੇ ਬਹੁਤ ਸਾਰੇ ਕਾਰਨ ਹਨ। ਬਹੁਤ ਸਾਰੇ ਖਿਡਾਰੀ ਖੇਡਾਂ ਵਿਚ ਆਪਣੇ ਪ੍ਰਦਰਸ਼ਨ ਨੂੰ ਵਧਾਉਣ ਲਈ ਹੀ ਨਸ਼ਿਆਂ ਦਾ ਇਸਤੇਮਾਲ ਕਰਦੇ ਹਨ, ਪਰ ਬਹੁਤ ਸਾਰੇ ਅਥਲੀਟਾਂ ਜਾਂ ਖਿਡਾਰੀਆਂ ਦੇ ਨਸ਼ੇ ਦੇ ਰਾਹ ਪੈਣ ਵਿੱਚ ਹੋਰ ਵੀ ਬਹੁਤਸਾਰੇ ਕਾਰਨ ਹਨ। ਇਨ੍ਹਾਂ ਕਾਰਨਾਂ ਵਿੱਚ ਕੁਝ ਇਸ ਤਰ੍ਹਾਂ ਹਨ, ਆਪਣੀ ਸਰੀਰਕ ਸ਼ਬਦਾਂ ਨੂੰ ਬਹੁਤ ਜਲਦ ਵਧਾਉਣਾ, ਨਾ ਇਲਾਜ ਕੀਤੇ ਮਾਨਸਿਕ ਅਤੇ ਸਿਹਤ ਦੇ ਮਸਲਿਆਂ ਨੂੰ ਸਵੈ-ਪੜਚੋਲ ਕਰਨ ਤੇ ਮਾਨਸਿਕ ਤੌਰ ‘ਤੇ ਕਮਜ਼ੋਰ ਹੋਣਾ, ਛੇਤੀ ਰਿਟਾਇਰਮੈਂਟ ਦੇ ਤਣਾਅ ਨਾਲ ਨਜਿੱਠਣ ਲਈ ਨਸ਼ਿਆਂ ਦਾ ਪ੍ਰਯੋਗ ਕਰਨਾ, ਸੱਟਾਂ ਤੇ ਕਾਬੂ ਪਾਉਣ ਲਈ, ਸਰੀਰ ਦੇ ਦਰਦਾਂ ਨੂੰ ਦੂਰ ਕਰਨ ਲਈ, ਘਰੇਲੂ ਪ੍ਰਾਬਲਮ ਜਾਂ ਮਾਨਸਿਕ ਦਬਾਅ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਪਾਉਣ ਦਾ ਦਬਾਅ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਅਥਲੀਟ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਖਿਡਾਰੀ ਗ਼ੈਰ-ਕਨੂੰਨੀ ਨਸ਼ੇ ਦੀ ਵਰਤੋਂ ਆਪਣੇ ਖੇਡ ਕੈਰੀਅਰ ਲਈ ਕਰਦੇ ਹਨ, ਜਿਵੇਂ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦ ਕਰਨ ਲਈ ਡਾਏਯੂਰੀਟਸ ਸ਼ਕਤੀ ਨੂੰ ਵਧਾਉਣ ਲਈ ਏਨਾਬੋਲਿਕ ਸਟੀਰੌਇਡ ਖੁਰਾਕ ਦੀ ਪੂਰਤੀ ਨੂੰ ਵਧਾਉਣ ਲਈ ਹੋਰ ਗ਼ੈਰ-ਕਾਨੂੰਨੀ ਮਿਸ਼ਰਣ।
ਜਿਵੇਂ-ਜਿਵੇਂ ਖੇਡ ਮੁਕਾਬਲੇਬਾਜ਼ੀ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਕੋਚਾਂ ਅਤੇ ਪ੍ਰਬੰਧਕਾਂ ਦੁਬਾਰਾ ਅਥਲੀਟਾਂ ਨੂੰ ਮੁਕਾਬਲੇ ਲਈ ਤਿਆਰ ਕਰਨਾ ਜਾਂ ਜਿਤਾਉਣ ਲਈ ਦਬਾਅ ਵੱਧਦਾ ਜਾ ਰਿਹਾ ਹੈ। ਇਨ੍ਹਾਂ ਕੋਚਾਂ ਟਰੇਨਰਾਂ ਤੇ ਹਮੇਸ਼ਾ ਹੀ ਗੈਰ-ਕਾਨੂੰਨੀ ਪਦਾਰਥ ਮੁਹੱਈਆ ਕਰਵਾਉਣ ਅਤੇ ਅਥਲੀਟਾਂ ਨੂੰ ਦੇਣ ਦੇ ਇਲਜ਼ਾਮ ਲੱਗਦੇ ਆਏ ਹਨ।
ਸਮੇਂ-ਸਮੇਂ ‘ਤੇ ਅਥਲੀਟਾਂ ਦੇ ਡੋਪ ਟੈਸਟ ਕਰਕੇ ਉਨ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਲਈ ਯਤਨ ਕੀਤੇ ਜਾ ਰਹੇ ਹਨ। ਪਰ ਇਹ ਯਤਨ ਨਾਕਾਫੀ ਹਨ, ਕਿਉਂਕਿ ਅੱਜ ਦੀ ਟੈਕਨਾਲੋਜੀ ਦੇ ਕਾਰਨ ਬਹੁਤ ਸਾਰੇ ਪਦਾਰਥ ਅਤੇ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਫੜਨਾ ਬਹੁਤ ਔਖਾ ਹੋ ਗਿਆ ਹੈ। ਡੋਪਿੰਗ ਟੈਸਟ ਕਰਨ ਵਾਲਿਆਂ ਨਾਲੋਂ ਅਥਲੀਟ ਦੋ ਕਦਮ ਅੱਗੇ ਚੱਲ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਰਕੀਟ ਦੇ ਵਿੱਚ ਪ੍ਰਦਰਸ਼ਨ ਨੂੰ ਵਧਾਉਣ ਵਾਲੀਆਂ ਦਵਾਈਆਂ ਜਾਂ ਪਾਊਡਰਾਂ ਦੇ ਨਾਲ-ਨਾਲ ਉਸ ਨੂੰ ਸਰੀਰ ਵਿੱਚੋਂ ਵਾਸ਼ ਕਰਨ ਵਾਸਤੇ ਉਸ ਤੋਂ ਜ਼ਿਆਦਾ ਪਦਾਰਥ ਮੌਜੂਦ ਹਨ, ਜਿਸ ਜਿਸ ਕਰਕੇ ਸਰੀਰ ਵਿੱਚ ਡੋਪਿੰਗ ਦੇ ਕਣ ਆਉਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਜਿਵੇਂ-ਜਿਵੇਂ ਖੇਡਾਂ ਦੇ ਵਿਚ ਪੈਸਾ ਉਦਯੋਗ ਅਤੇ ਵੱਡੇ ਘਰਾਣੇ ਸ਼ਾਮਲ ਹੁੰਦੇ ਜਾ ਰਹੇ ਹਨ, ਉਸੇ ਤਰ੍ਹਾਂ ਖਿਡਾਰੀਆਂ ਨੂੰ ਇਕ ਮੋਹਰੇ ਦੀ ਤਰ੍ਹਾਂ ਵਰਤਿਆ ਜਾਣ ਲੱਗਾ ਹੈ। ਜਿਹੜਾ ਖਿਡਾਰੀ ਜਿੰਨਾ ਵਧੀਆ ਪ੍ਰਦਰਸ਼ਨ ਕਰਦਾ ਹੈ, ਉਸ ਨੂੰ ਓਨੇ ਹੀ ਵੱਧ ਪੈਸਿਆਂ ਵਿੱਚ ਖ਼ਰੀਦਿਆ ਜਾਂਦਾ ਹੈ। ਇਸ ਲਈ ਹਰ ਖਿਡਾਰੀ ਇਹ ਚਾਹੁੰਦਾ ਹੈ ਕਿ ਮੈਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਂ ਅਤੇ ਜ਼ਿਆਦਾ ਪੈਸਾ ਕਮਾਵਾਂ। ਉਸ ਲਈ ਚਾਹੇ ਉਸ ਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ। ਅੱਜਕੱਲ੍ਹ ਮੀਡੀਆ ਦੇ ਜ਼ਮਾਨੇ ਵਿਚ ਖੇਡਾਂ ਨੂੰ ਇਕ ਸਿੱਧੇ ਤੌਰ ‘ਤੇ ਉਦਯੋਗ ਨਾਲ ਜੋੜ ਦਿੱਤਾ ਗਿਆ ਹੈ, ਜਿਸ ਵਿੱਚੋਂ ਮੁਨਾਫ਼ਾ ਕਮਾਉਣਾ ਹੀ ਇੱਕੋ-ਇੱਕ ਮਕਸਦ ਰਹਿ ਗਿਆ ਹੈ। ਖੇਡਾਂ ਜੋ ਕਿਸੇ ਸਮੇਂ ਆਪਣੇ ਪ੍ਰਦਰਸ਼ਨ ਨੂੰ ਆਪਣੇ ਦੇਸ਼ ਨੂੰ ਆਪਣੀ ਕੌਮ ਨੂੰ ਅੱਗੇ ਲਿਜਾਣ ਲਈ ਖੇਡੀਆਂ ਜਾਂਦੀਆਂ ਸਨ, ਉਹ ਹੁਣ ਬਿਲਕੁਲ ਆਪਣੇ ਰਸਤੇ ਤੋਂ ਭਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।ਲ਼ ਬਹੁਤ ਸਾਰੇ ਅਥਲੀਟ ਜਾਂ ਖਿਡਾਰੀ ਜੋ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਨਸ਼ੇ ਦਾ ਜਾਂ ਕਿਸੇ ਗ਼ੈਰ-ਕਾਨੂੰਨੀ ਪਦਾਰਥਾਂ ਦਾ ਪ੍ਰਯੋਗ ਕਰਦੇ ਹਨ ਪਰ ਉਹ ਆਪਣੀ ਮੰਜ਼ਿਲ ਤਕ ਨਹੀਂ ਪਹੁੰਚ ਸਕੇ ਤਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਸ਼ਾ ਘਰ ਕਰ ਜਾਂਦਾ ਹੈ ਅਤੇ ਆਪਣੀ ਪੂਰੀ ਜ਼ਿੰਦਗੀ ਇਸੇ ਦੇ ਲੇਖੇ ਲਾ ਦਿੰਦੇ ਹਨ, ਜੋ ਬਹੁਤ ਮੰਦਭਾਗਾ ਹੈ।
ਨੌਜਵਾਨ ਮੁੰਡੇ ਕੁੜੀਆਂ ਸ਼ੁਰੂ ਵਿੱਚ ਆਪਣੇ ਸਰੀਰ ਨੂੰ ਫਿੱਟ ਰੱਖਣ ਖ਼ਾਸ ਕਰਕੇ ਮੁੰਡੇ, ਜਿਹੜੇ ਆਪਣੀ ਚੜ੍ਹਦੀ ਜਵਾਨੀ ਵਿੱਚ ਜਿੰਮ ਜਾਣਾ ਸ਼ੁਰੂ ਕਰਦੇ ਹਨ ਅਤੇ ਉਹ ਨਾ ਸਮਝਦੇ ਹੋਏ ਕਿਸੇ ਅਣਜਾਣ ਵਿਅਕਤੀ ਤੋਂ ਉਹ ਪਦਾਰਥ ਖਾਣਾ ਸਟਾਰਟ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਰੀਰ ਦੀ ਗਰੋਥ ਇਕੋਦਮ ਹੋਣੀ ਸਟਾਰਟ ਹੋ ਜਾਂਦੀ ਹੈ, ਪਰ ਇਹ ਸਟੀਰੌਇਡ ਜਾਂ ਕੋਈ ਕੈਮੀਕਲ ਬਾਅਦ ਵਿਚ ਪੂਰੀ ਜ਼ਿੰਦਗੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਅੰਤ ਵਿੱਚ ਮੈਂ ਇਹੋ ਆਸ ਕਰਦਾ ਹਾਂ ਕਿ ਦੁਨੀਆਂ ਭਰ ਦੀਆਂ ਖੇਡਾਂ ਉਸੇ ਪ੍ਰਕਾਰ ਖੇਡੀਆਂ ਜਾਣ, ਜਿਸ ਪ੍ਰਕਾਰ ਇਨ੍ਹਾਂ ਖੇਡਾਂ ਨੂੰ ਸ਼ੁਰੂ ਕਰਨ ਵੇਲੇ ਸੋਚਿਆ ਗਿਆ ਸੀ। ਖੇਡਾਂ ਹਮੇਸ਼ਾ ਭਾਈਚਾਰਕ ਸਾਂਝ ਇਕਜੁੱਟਤਾ ਦੇਸ਼ ਦੇ ਵਿਕਾਸ ਅਤੇ ਆਪਣੀ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਲਈ ਸ਼ੁਰੂ ਕੀਤੀਆਂ ਗਈਆਂ ਸਨ। ਉਸੇ ਪ੍ਰਕਾਰ ਹੀ ਹੁਣ ਇਹ ਖੇਡਾਂ ਖੇਡੀਆਂ ਜਾਣ।
ਖੇਡਾਂ ਵਿੱਚ ਨਸ਼ਿਆਂ ਨੂੰ ਕੇਵਲ ਡਰ ਨਾਲ ਜਾਂ ਡੋਪਿੰਗ ਟੈਸਟ ਕਰਕੇ ਖ਼ਤਮ ਨਹੀਂ ਕੀਤਾ ਜਾ ਸਕਦਾ, ਜੇਕਰ ਖੇਡਾਂ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਇਸ ਨੂੰ ਖਿਡਾਰੀਆਂ ਦੇ ਮਨਾਂ ਵਿੱਚੋਂ ਖ਼ਤਮ ਕਰਨਾ ਪੈਣਾ ਹੈ ਉਸ ਲਈ ਇਕ ਸੁਚਾਰੂ ਸੋਚ ਦੀ ਲੋੜ ਹੈ।
– ਡਾ. ਜਸਵਿੰਦਰ ਸਿੰਘ ਬਰਾੜ,
ਖੇਡ ਲੇਖਕ