ਗਾਜ਼ੀਪੁਰ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਗਾਜ਼ੀਪੁਰ ਬਾਰਡਰ ’ਤੇ ਪਹਿਲਾਂ ਨਾਲੋਂ ਕਿਸਾਨਾਂ ਦੀ ਗਿਣਤੀ ਹੁਣ ਵਧਣ ਲੱਗ ਪਈ ਹੈ, ਕਿਉਂਕਿ ਕਿਸਾਨ ਹੁਣ ਹੋਲੀ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਡੇਢ ਮਹੀਨੇ ਤੋਂ ਬਾਰਡਰ ’ਤੇ ਹੀ ਉਨ੍ਹਾਂ ਨੇ ਆਪਣੇ ਸਾਰੇ ਤਿਉਹਾਰ ਮਨਾਏ ਹਨ। ਇਸੇ ਪ੍ਰਕਾਰ ਹੋਲੀ ਦਾ ਤਿਉਹਾਰ ਵੀ ਉਹ ਬਾਰਡਰ ’ਤੇ ਹੀ ਮਨਾਉਣਗੇ। ਇਸ ਦੇ ਤਹਿਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਭਾਰਤੀ ਕਿਸਾਨ ਯੂਨੀਅਨ (ਨੌਜਵਾਨ) ਦੇ ਕੌਮੀ ਪ੍ਰਧਾਨ ਚੌਧਰੀ ਗੌਰਵ ਟਿਕੈਤ ਨੇ ਦੱਸਿਆ ਕਿ ਇਸ ਵਾਰ ਦੇਸ਼ ਦੀ ਸਭ ਤੋਂ ਵੱਡੀ ਇਤਿਹਾਸਕ ਹੋਲੀ ਗਾਜ਼ੀਪੁਰ ਬਾਰਡਰ ’ਤੇ ਮਨਾਈ ਜਾਵੇਗੀ। 17 ਮਾਰਚ ਨੂੰ ਬਾਰਡਰ ’ਤੇ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਪੰਚਾਇਤ ਹਰ ਮਹੀਨੇ ਮੁਜੱਫ਼ਰਨਗਰ ਦੇ ਸਿਸੌਲੀ ਪਿੰਡ ਵਿੱਚ ਆਯੋਜਤ ਹੁੰਦੀ ਹੈ, ਜੋ ਕਿ ਚੌਧਰੀ ਮਹਿੰਦਰ ਸਿੰਘ ਟਿਕੈਤ ਵੱਲੋਂ ਸੱਦੀ ਜਾਂਦੀ ਸੀ। ਉਹ ਪੰਚਾਇਤ ਇਸ ਵਾਰ ਇੱਥੇ ਗਾਜ਼ੀਪੁਰ ਬਾਰਡਰ ’ਤੇ ਹੋਣ ਜਾ ਰਹੀ ਹੈ। ਅਗਾਊਂ ਰਣਨੀਤੀ ਇਸ ਪੰਚਾਇਤ ਵਿੱਚ ਹੀ ਬਣਾਈ ਜਾਵੇਗੀ।
ਬੀਤੇ ਕੁਝ ਦਿਨਾਂ ਤੋਂ ਬਾਰਡਰ ’ਤੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਹਰ ਪਿੰਡ ਦੇ ਕਿਸਾਨਾਂ ਨੂੰ ਧਰਨਾ ਸਥਾਨ ’ਤੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਪਿੰਡਾਂ ਦੇ ਸਾਰੇ ਲੋਕ ਇਸ ਸੱਦੇ ਨੂੰ ਖਿੜੇ ਮੱਥੇ ਪ੍ਰਵਾਨ ਵੀ ਕਰ ਰਹੇ ਹਨ। ਇਸ ਦੇ ਚਲਦਿਆਂ ਹਰ ਪਿੰਡ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਗਾਜ਼ੀਪੁਰ ਪੁੱਜ ਰਹੇ ਹਨ। ਹੋਲੀ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਬਾਰਡਰ ’ਤੇ ਮਨਾਇਆ ਜਾਵੇਗਾ।
ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਹਾ ਹੈ ਕਿ 21 ਮਾਰਚ ਤੋਂ 23 ਮਾਰਚ ਵਿਚਕਾਰ ਪੰਜਾਬ, ਹਰਿਆਣਾ, ਪੱਛਮੀ ਉਤਰ ਪ੍ਰਦੇਸ਼, ਉਤਰਾਖੰਡ ਤੋਂ ਇਲਾਵਾ ਦੇਸ਼ ਦੇ ਦੂਜੇ ਸੂਬਿਆਂ ’ਚ ਵੀ ਨੌਜਵਾਨ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ। ਨੌਜਵਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ। ਪੰਜਾਬ ’ਚ 21 ਮਾਰਚ ਤੋਂ ਇਸ ਦੀ ਸ਼ੁਰੂਆਤ ਹੋਵੇਗੀ, ਜਿਸ ਤੋਂ ਬਾਅਦ ਅਲੱਗ-ਅਲੱਗ ਸਥਾਨਾਂ ’ਤੇ ਕਿਸਾਨ ਨੇਤਾ ਨੌਜਵਾਨਾਂ ਨਾਲ ਬੈਠਕ ਕਰਨਗੇ।