Home ਮੰਨੋਰੰਜਨ “ਗਿੱਲ ਸਾਬ੍ਹ ਸਕੂਟਰ ਵਾਲੇ” ਦਾ ਲੇਖਕ-ਨਿਰਦੇਸ਼ਕ ‘ਰਾਜੀਵ ਦਾਸ’

“ਗਿੱਲ ਸਾਬ੍ਹ ਸਕੂਟਰ ਵਾਲੇ” ਦਾ ਲੇਖਕ-ਨਿਰਦੇਸ਼ਕ ‘ਰਾਜੀਵ ਦਾਸ’

0

ਰਾਜੀਵ ਦਾਸ ਬਤੌਰ ਲੇਖਕ-ਨਿਰਦੇਸ਼ਕ ਪਿਛਲੇ ਲੰਮੇ ਸਮੇਂ ਤੋਂ ਫ਼ਿਲਮ ਕਲਾ ਨਾਲ ਜੁੜਿਆ ਹੋਇਆ ਹੈ।
ਦੂਰਦਰਸ਼ਨ ਦਿੱਲੀ ਤੇ ਮੁੰਬਈ ਲਈ ਉਸਨੇ ਅਨੇਕਾਂ ਸਮਾਜਿਕ, ਇਤਿਹਾਸਕ ਤੇ ਜਾਗੂਰਕਤਾ ਵਾਲੀਆਂ
ਡਾਕੂਮੈਂਟਰੀ ਫ਼ਿਲਮਾਂ ਦਾ ਨਿਰਮਾਣ ਕੀਤਾ। ਖੇਤਰੀ ਭਾਸ਼ਾਈ ਸਿਨਮੇ ਲਈ ਵੀ ਉਸਦਾ ਵੱਡਾ ਯੋਗਦਾਨ ਰਿਹਾ
ਹੈ। ਵਿਲੱਖਣ ਸੋਚ ਦਾ ਸਿਨਮਾ ਦੇਣ ਬਦਲੇ ਉਸਨੂੰ ਅਨੇਕਾਂ ਮਾਣ-ਸਨਮਾਣ ਵੀ ਮਿਲੇ ਹਨ।
ਦਿੱਲੀ ਦੇ ਜੰਮਪਲ ਰਾਜੀਵ ਦਾਸ ਨੇ ਇੰਨ੍ਹੀਂ ਦਿਨੀਂ ਪੰਜਾਬੀ ਸਿਨਮੇ ਵੱਲ ਕਦਮ ਵਧਾਇਆ ਹੈ ਤੇ ਆਪਣੀ
ਪਲੇਠੀ ਪੰਜਾਬੀ ਫ਼ੀਚਰ ਫ਼ਿਲਮ ‘ਗਿੱਲ ਸਾਹਬ ਸਕੂਟਰ ਵਾਲੇ’ ਲੈ ਕੇ ਆਏ ਹਨ। ਭਾਵੇਂਕਿ ਇਹ ਫ਼ਿਲਮ ਮੌਜੂਦਾ
ਦੌਰ ਦੇ ਸਿਨਮੇ ਤੋਂ ਬਹੁਤ ਅਲੱਗ ਜਾਪਦੀ ਹੈ ਪ੍ਰੰਤੂ ਵਿਸ਼ੇ ਤੇ ਤਕਨੀਕ ਪੱਖੋਂ ਇਹ ਬਹੁਤ ਅਹਿਮੀਅਤ ਵਾਲੀ ਹੈ।
ਇਸ ਬਾਰੇ ਫ਼ਿਲਮ ਦੇ ਨਿਰਮਾਤਾ ਲੇਖਕ ਤੇ ਨਿਰਦੇਸ਼ਕ ਰਾਜੀਵ ਦਾਸ ਨੇ ਦੱਸਿਆ ਕਿ ‘ਗਿੱਲ ਸਾਹਬ ਸਕੂਟਰ
ਵਾਲੇ’ ਸਾਡੇ ਸਮਾਜ ਵਿਚ ਫੈਲੇ ਨਸ਼ਿਆਂ ਦੇ ਕੋਹੜ ਬਾਰੇ ਗੱਲ ਕਰਦੀ ਫ਼ਿਲਮ ਹੈ। ਜਿਸ ਵਿਚ ਸਰਦਾਰ ਸੋਹੀ ਨੇ
‘ਗਿੱਲ ਸਾਹਬ’ ਦਾ ਕਿਰਦਾਰ ਨਿਭਾਇਆ ਹੈ। ਗਿੱਲ ਸਾਹਬ ਸਮਾਜ ਦੇ ਹਰ ਵਰਗ ਵਿਚ ਵਿਚਰਣ ਵਾਲਾ
ਤੇਜਬੁੱਧੀ ਵਾਲਾ ਸਮਾਜ ਸੇਵੀ ਬੰਦਾ ਹੈ। ਉਸ ਦੀ ਖੁਦ ਦੀ ਜ਼ਿੰਦਗੀ ਕੌੜੇ-ਮਿੱਠੇ ਤਜੱਰਬਿਆਂ ਨਾਲ ਭਰੀ ਪਈ
ਹੈ। ਅੱਜ ਦੇ ਨੌਜਵਾਨਾਂ ਦਾ ਹਾਲ ਵੇਖਕੇ ਉਹ ਚਿੰਤਤ ਹੁੰਦਾ ਹੈ ਕਿ ਪੰਜਾਬ ਵਿਚ ਕਿਸੇ ਵੇਲੇ ਦੁੱਧਾਂ ਦੀ ਨਦੀਆਂ
ਵਗਦੀਆਂ ਸਨ ਜਦਕਿ ਅੱਜ ਨਸ਼ਿਆਂ ਦੇ ਵਗਦੇ ਦਰਿਆ ਵਿਚ ਸਾਡੀ ਨੌਜਵਾਨੀ ਡੁੱਬਦੀ ਜਾ ਰਹੀ ਹੈ। ਜਿਸਨੂੰ
ਬਚਾਉਣ ਲਈ ਗਿੱਲ ਸਾਹਬ ਕੁਝ ਅਨੌਖੇ ਯਤਨ ਕਰਦੇ ਹਨ ਤੇ ਆਪਣੇ ਨੇਕ ਕੰਮਾਂ ਕਰਕੇ ਉਹ ਸਮਾਜ ਵਿਚ
ਇੱਕ ਖਾਸ ਮੁਕਾਮ ਹਾਸਲ ਕਰਦੇ ਹਨ। ਸਰਦਾਰ ਸੋਹੀ ਤੋਂ ਇਲਾਵਾ ਗਾਇਕੀ ਤੋਂ ਅਦਾਕਾਰੀ ਵੱਲ ਆਇਆ
ਅਮਰਿੰਦਰ ਬੌਬੀ ਵੀ ਬਤੌਰ ਨਾਇਕ ਅਦਾਕਾਰਾ ਅਮਰੀਨ ਸ਼ਰਮਾ ਨਾਲ ਸੈਕਿੰਡ ਲੀਡ ਵਿੱਚ ਨਜ਼ਰ ਆਵੇਗਾ।
ਰਾਜੀਵ ਦਾਸ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਚੰਗੇ ਸਿਹਤਮੰਦ
ਪੰਜਾਬ ਦੇ ਗੱਭਰੂ ਬਣਾਉਣ ਦਾ ਯਤਨ ਕੀਤਾ ਹੈ। ਜੇਕਰ ਸਾਡੇ ਇਸ ਹੰਭਲੇ ਸਦਕਾ 10 ਪ੍ਰਤੀਸ਼ਤ ਵੀ ਫਾਇਦਾ
ਹੁੰਦਾ ਹੈ ਤਾਂ ਅਸੀਂ ਆਪਣੀ ਮੇਹਨਤ ਨੂੰ ਸਫ਼ਲ ਸਮਝਾਂਗੇ। ਸਾਡਾ ਮਕਸਦ ਸਿਰਫ਼ ਪੈਸਾ ਕਮਾਉਣਾ ਨਹੀਂ ਹੈ
ਬਲਕਿ ਸਮਾਜ ਨੂੰ, ਲੋਕਾਂ ਨੂੰ ਇਕ ਮਨੋਰੰਜਨ ਭਰਿਆ ਸੁਨੇਹਾ ਦੇ ਕੇ ਸਮਾਜ ਦੇ ਹਰੇਕ ਵਰਗ ਨੂੰ ਜਾਗਰੂਕ
ਕਰਨਾ ਹੈ।
ਇੰਡੋ ਕੀ ਵੀ ਫ਼ਿਲਮਜ਼ ਦੀ ਪੇਸ਼ਕਸ਼ ਇਸ ਫ਼ਿਲਮ ਵਿਚ ਸਰਦਾਰ ਸੋਹੀ ਤੋਂ ਇਲਾਵਾ ਅਮਰਿੰਦਰ ਬੌਬੀ,
ਅਮਰੀਨ ਸ਼ਰਮਾ, ਹੌਬੀ ਧਾਲੀਵਾਲ, ਬਲਵੀਰ ਬੋਪਾਰਾਏ, ਆਦਿੱਤੀ ਆਰੀਆ, ਹੈਪੀ ਗੋਸਲ, ਸੱਜਣ ਕਪੂਰ, ਤੇ
ਕੇ. ਕੇ. ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਰਾਜੀਵ ਦਾਸ ਤੇ ਕੇ ਕੇ ਗਿੱਲ ਨੇ ਲਿਖੀ
ਹਨ। ਫ਼ਿਲਮ ਦੇ ਗੀਤ ਬਹੁਤ ਵਧੀਆ ਤੇ ਦਿਲਟੁੰਬਵੇਂ ਹਨ। ਜਿੰਨ੍ਹਾਂ ਨੂੰ ਅਮਰਿੰਦਰ ਬੌਬੀ, ਬਲਵੀਰ ਬੋਪਾਰਾਏ,
ਮੈਂਡੀ ਸੰਧੂ, ਦੀਪ ਅਟਵਾਲ ਤੇ ਤਰੁੰਣਮ ਮਲਿਕ ਨੇ ਗਾਇਆ ਹੈ। ਫ਼ਿਲਮ ਦੇ ਗੀਤ ਬਲਵੀਰ ਬੋਪਾਰਾਏ,
ਰਾਜੀਵ ਦਾਸ ਤੇ ਬਿੱਲਾ ਮਾਨ੍ਹੇਵਾਲਾ ਨੇ ਲਿਖੇ ਹਨ। ਫ਼ਿਲਮ ਦੇ ਨਿਰਮਾਤਾ ਰਾਜੀਵ ਦਾਸ ਤੇ ਕੇ. ਕੇ. ਗਿੱਲ ਹਨ
ਜਦਕਿ ਸਹਿ ਨਿਰਮਾਤਾ ਜੇਪੀ ਪਰਦੇਸੀ ਹਨ। ਫ਼ਿਲਮ ਦਾ ਸੰਗੀਤ ਦਲੀਪ ਸੈਨ ਤੇ ਸੋਨੀ ਵਿਰਦੀ ਨੇ ਦਿੱਤਾ ਹੈ।
ਨਸ਼ਿਆਂ ਖਿਲਾਫ਼ ਯੁੱਧ ਛੇੜਦੀ ਇਹ ਮਨੋਰੰਜਨ ਭਰਪੂਰ ਫ਼ਿਲਮ 19 ਮਈ ਨੂੰ ਪੰਜਾਬੀ ਸਿਨੇਮਾਂ ਘਰਾਂ ਦਾ
ਸ਼ਿੰਗਾਰ ਬਣੇਗੀ।

ਸੁਰਜੀਤ ਜੱਸਲ 98146-07737