Home ਤਾਜ਼ਾ ਖਬਰਾਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ : 16 ਲੱਖ ਤੋਂ ਜ਼ਿਆਦਾ ਵੋਟਰ 19 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫੈਸਲਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ : 16 ਲੱਖ ਤੋਂ ਜ਼ਿਆਦਾ ਵੋਟਰ 19 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫੈਸਲਾ

0

4 ਮਹਿਲਾ ਉਮੀਦਵਾਰ ਸਣੇ 19 ਉਮੀਦਵਾਰ ਚੋਣ ਮੈਦਾਨ ਵਿਚ

ਪੈਰਾ ਮਿਲਟਰੀ ਫੋਰਸ ਦੀਆਂ 70 ਕੰਪਨੀਆਂ ਤੈਨਾਤ
ਜਲੰਧਰ, 10 ਮਈ, ਹ.ਬ. : ਜਲੰਧਰ ਲੋਕ ਸਭਾ ਸੀਟ ’ਤੇ ਅੱਜ ਵੋਟਾਂ ਪੈ ਰਹੀਆਂ ਹਨ। 9 ਵਿਧਾਨ ਸਭਾ ਹਲਕਿਆਂ ਦੇ ਵੋਟਰ 1972 ਕੇਂਦਰਾਂ ’ਤੇ ਸ਼ਾਮ 6.30 ਵਜੇ ਤੱਕ ਵੋਟ ਪਾ ਸਕਣਗੇ। 16 ਲੱਖ ਤੋਂ ਵੱਧ ਵੋਟਰ 4 ਮਹਿਲਾ ਉਮੀਦਵਾਰ ਸਣੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜਲੰਧਰ ਲੋਕ ਸਭਾ (ਰਾਖਵੀਂ) ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।
‘ਆਪ’ ਨੇ ਸਾਬਕਾ ਵਿਧਾਇਕ ਰਿੰਕੂ ਨੂੰ ਮੈਦਾਨ ’ਚ ਉਤਾਰਿਆ ਹੈ, ਜੋ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਪਾਰਟੀ ’ਚ ਸ਼ਾਮਲ ਹੋਏ ਸਨ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ’ਤੇ ਭਰੋਸਾ ਜਤਾਇਆ ਹੈ। ਭਾਜਪਾ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਬੀਰ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ।

ਅਟਵਾਲ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਅਕਾਲੀ ਦਲ ਨੇ ਬੰਗਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਵਿੰਦਰ ਕੁਮਾਰ ਸੁੱਖੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਪੇਸ਼ੇ ਤੋਂ ਡਾਕਟਰ ਹਨ। ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਭਾਈਵਾਲ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਹਾਸਲ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਜੰਟ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਸਿਬਿਨ ਸੀ ਨੇ ਦੱਸਿਆ ਕਿ ਸੁਰੱਖਿਆ ਲਈ ਜ਼ਿਲ੍ਹੇ ਵਿੱਚ 70 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 166 ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਗਏ। ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐਸ) ਦੀ ਵਰਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਲੈ ਕੇ ਜਾਣ ਵਾਲੇ 703 ਵਾਹਨਾਂ ਨੂੰ ਟਰੈਕ ਕਰਨ ਲਈ ਕੀਤੀ । ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਫਲਾਇੰਗ ਸਕੁਐਡ ਤਾਇਨਾਤ ਕੀਤੇ ਗਏ। ਇਸ ਤਰ੍ਹਾਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 27 ਉਡਣ ਦਸਤੇ ਤਾਇਨਾਤ ਕੀਤੇ ਗਏ।

ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਨੇ ਦੱਸਿਆ ਕਿ 45 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚ ਨੌਂ ਗੁਲਾਬੀ ਬੂਥ ਹੋਣਗੇ, ਜਿੱਥੇ ਸਾਰੀਆਂ ਮੁਲਾਜ਼ਮ ਔਰਤਾਂ ਹੋਣਗੀਆਂ। ਮਤਦਾਨ ਵਿੱਚ 4839 ਈਵੀਐਮ, 2927 ਕੰਟਰੋਲ ਯੂਨਿਟ ਅਤੇ 2973 ਵੀਵੀਪੀਏਟੀ ਦੀ ਵਰਤੋਂ ਕੀਤੀ ਜਾਵੇਗੀ। ਹਰ ਪੋਲਿੰਗ ਸਟੇਸ਼ਨ ’ਤੇ ਪੀਣ ਵਾਲਾ ਪਾਣੀ, ਟੈਂਟ, ਕੁਰਸੀਆਂ ਅਤੇ ਘੱਟੋ-ਘੱਟ ਇਕ ਵ੍ਹੀਲਚੇਅਰ ਦੀ ਸਹੂਲਤ ਲਾਜ਼ਮੀ ਕੀਤੀ ਗਈ ਹੈ।

ਕੋਵਿਡ-19 ਨਿਯਮਾਂ ਤਹਿਤ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਅਤੇ ਸਮੱਗਰੀ ਹਰ ਪੋਲਿੰਗ ਸਟੇਸ਼ਨ ’ਤੇ ਉਪਲਬਧ ਹੋਵੇਗੀ। ਕੋਵਿਡ ਵੇਸਟ ਲਈ ਡਸਟਬਿਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਸਾਰੇ ਪੋਲਿੰਗ ਸਟਾਫ਼ ਨੂੰ ਭੋਜਨ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ। 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ (38,313), ਦਿਵਯਾਂਗ ਅਤੇ ਕੋਵਿਡ ਮਰੀਜ਼ਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 888 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਹੈ। ਵੋਟਰ ਕਿਸੇ ਵੀ ਮਦਦ ਲਈ 1950 ’ਤੇ ਕਾਲ ਕਰ ਸਕਦੇ ਹਨ। ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ 9865 ਮੁਲਾਜ਼ਮਾਂ ਦੀ ਹੋਵੇਗੀ। ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ 302 ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ। ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਵਿੱਚ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਨਹੀਂ ਕਰ ਸਕੇਗਾ।

ਇਨ੍ਹਾਂ ਦਸਤਾਵੇਜ਼ਾਂ ਰਾਹੀਂ ਵੋਟ ਪਾਈ ਜਾ ਸਕਦੀ ਹੈ। ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਮਨਰੇਗਾ ਜੌਬ ਕਾਰਡ, ਸਿਹਤ ਬੀਮਾ ਕਾਰਡ, ਸਮਾਰਟ ਕਾਰਡ, ਸਰਕਾਰੀ ਕਰਮਚਾਰੀਆਂ ਦਾ ਆਈਡੀ ਕਾਰਡ, ਐਮਪੀ-ਐਮਐਲਏ ਦਾ ਅਧਿਕਾਰਤ ਪਛਾਣ ਪੱਤਰ, ਅੰਗਹੀਣ ਪਛਾਣ ਪੱਤਰ।