ਵਾਸ਼ਿੰਗਟਨ, 11 ਮਈ, ਹ.ਬ. : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ’ਚ ਅਮਰੀਕਾ ਦੌਰੇ ’ਤੇ ਜਾ ਰਹੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ 22 ਜੂਨ ਨੂੰ ਮੋਦੀ ਲਈ ਅਧਿਕਾਰਤ ਡਿਨਰ ਦੀ ਮੇਜ਼ਬਾਨੀ ਕਰਨਗੇ। ਵ੍ਹਾਈਟ ਹਾਊਸ ਨੇ ਬੁੱਧਵਾਰ ਸ਼ਾਮ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਕਿਹਾ- ਮੋਦੀ ਦੇ ਦੌਰੇ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਣਗੇ। ਦੋਵੇਂ ਦੇਸ਼ ਰਣਨੀਤਕ ਭਾਈਵਾਲ ਹਨ ਅਤੇ ਸਾਨੂੰ ਉਮੀਦ ਹੈ ਕਿ ਦੁਨੀਆ ਦੇ ਦੋ ਮਹਾਨ ਲੋਕਤੰਤਰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਦੀ ਦੀ ਯਾਤਰਾ ਹਿੰਦ ਮਹਾਸਾਗਰ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਨਵੀਂ ਸ਼ੁਰੂਆਤ ਕਰੇਗੀ। ਇਸ ਦੌਰੇ ’ਤੇ ਟੈਕਨਾਲੋਜੀ ਅਤੇ ਰੱਖਿਆ ਨਾਲ ਜੁੜੀ ਬਹੁਤ ਮਹੱਤਵਪੂਰਨ ਗੱਲਬਾਤ ਹੋ ਸਕਦੀ ਹੈ।