Home ਭਾਰਤ ਤਮਿਲਨਾਡੂ ਵਿਧਾਨ ਸਭਾ ਚੋਣਾਂ : ਵਾਲ਼-ਵਾਲ਼ ਬਚੇ ਕਮਲ ਹਸਨ

ਤਮਿਲਨਾਡੂ ਵਿਧਾਨ ਸਭਾ ਚੋਣਾਂ : ਵਾਲ਼-ਵਾਲ਼ ਬਚੇ ਕਮਲ ਹਸਨ

0
ਤਮਿਲਨਾਡੂ ਵਿਧਾਨ ਸਭਾ ਚੋਣਾਂ : ਵਾਲ਼-ਵਾਲ਼ ਬਚੇ ਕਮਲ ਹਸਨ

**ਕਾਰ ‘ਤੇ ਹੋਇਆ ਹਮਲਾ, ਹਮਲਾਵਰ ਗ੍ਰਿਫ਼ਤਾਰ
ਕਾਂਚੀਪੁਰਮ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੱਕਲ ਨੀਧੀ ਮਈਅਮ (ਐਨਐਨਐਮ) ਪਾਰਟੀ ਦੇ ਨੇਤਾ ਤੇ ਬਾਲੀਵੁਡ ਅਦਾਕਾਰ ਕਮਲ ਹਾਸਨ ਦੀ ਕਾਰ ‘ਤੇ ਐਤਵਾਰ ਰਾਤ ਇੱਕ ਅਣਪਛਾਤੇ ਸ਼ਖਸ ਨੇ ਹਮਲਾ ਕਰ ਦਿੱਤਾ। ਚੋਣ ਮੁਹਿੰਮ ਮਗਰੋਂ ਉਹ ਚੇਨਈ ਵਾਪਸ ਪਰਤ ਰਹੇ ਸਨ, ਤਦ ਕਾਂਚੀਪੁਰਮ ਵਿੱਚ ਇਹ ਘਟਨਾ ਵਾਪਰੀ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਇੱਕ ਸ਼ਖਸ ਕਮਲ ਹਾਸਨ ਦੀ ਕਾਰ ਦੇ ਦਰਵਾਜ਼ੇ ਨੂੰ ਖੋਲ੍ਹਣ ਦਾ ਯਤਨ ਕਰ ਰਿਹਾ ਸੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਤੇ ਪਾਰਟੀ ਦੇ ਵਰਕਰਾਂ ਨੇ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਐਮਐਨਐਮ ਨੇਤਾ ਏਜੀ ਮੌਰਿਆ ਨੇ ਦੱਸਿਆ ਕਿ ਘਟਨਾ ਵਿੱਚ ਕਮਲ ਜ਼ਖਮੀ ਨਹੀਂ ਹੋਏ, ਪਰ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਹਮਲਾਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 234 ਮੈਂਬਰਾਂ ਵਾਲੀ ਤਮਿਲਨਾਡੂ ਵਿਧਾਨ ਸਭਾ ਲਈ ਅੰਨਾਦ੍ਰਮੁਕ 190 ਸੀਟਾਂ ‘ਤੇ ਚੋਣਾਂ ਲੜੇਗੀ। ਸਹਿਯੋਗੀ ਭਾਜਪਾ ਲਈ 20 ਸੀਟਾਂ ਛੱਡੀਆਂ ਗਈਆਂ ਹਨ। ਉੱਥੇ ਹੀ ਦ੍ਰਮੁਕ 187 ਸੀਟਾਂ ‘ਤੇ ਚੋਣਾਂ ਲੜ ਰਹੀ ਹੈ। ਉਸ ਨੇ ਸਹਿਯੋਗੀ ਦਲ ਕਾਂਗਰਸ ਲਈ 25 ਸੀਟਾਂ ਛੱਡੀਆ ਹਨ। ਦੋਵੇਂ ਪਾਰਟੀਆਂ ਨੇ ਕਈ ਹੋਰ ਛੋਟੇ ਦਲਾਂ ਲਈ ਵੀ ਸੀਟਾਂ ਛੱਡੀਆਂ ਹਨ।
ਜਿੱਥੋਂ ਤੱਕ ਕਮਲ ਹਾਸਨ ਦੀ ਐਮਐਨਐਮ ਪਾਰਟੀ ਦੀ ਗੱਲ ਹੈ ਤਾਂ ਉਹ 154 ਸੀਟਾਂ ‘ਤੇ ਚੋਣਾਂ ਲੜ ਰਹੀ ਹੈ। ਬਾਕੀ 80 ਸੀਟਾਂ ‘ਤੇ ਐਮਐਨਐਮ ਦੀਆਂ ਦੋ ਭਾਈਵਾਲ ਪਾਰਟੀਆਂ ਆਲ ਇੰਡੀਆ ਸਮਥੁਵਾ ਮੱਕਲ ਕਾਟਚੀ (ਏਆਈਐਸਐਮਕੇ) ਅਤੇ ਇੰਡੀਆ ਜਨਨਾਇਕ ਕਾਟਚੀ (ਆਈਜੇਕੇ) ਚੋਣ ਮੈਦਾਨ ਵਿੱਚ ਉਤਰੀ ਹੈ। ਇਨ੍ਹਾਂ ਦੋਵਾਂ ਪਾਰਟੀਆਂ ਨੂੰ 40-40 ਸੀਟਾਂ ਦਿੱਤੀਆਂ ਗਈਆਂ ਹਨ। ਤਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਵੋਟਿੰਗ 6 ਅਪ੍ਰੈਲ ਨੂੰ ਇੱਕ ਗੇੜ ਵਿੱਚ ਹੋਵੇਗੀ। ਇਸ ਦੇ ਨਤੀਜੇ 2 ਮਈ ਨੂੰ ਆਉਣਗੇ।
ਤਮਿਲਨਾਡੂ ਵਿੱਚ ਬਹੁਮਤ ਲਈ 118 ਸੀਟਾਂ ਦੀ ਲੋੜ ਹੋਵੇਗੀ। ਸੂਬੇ ਵਿੱਚ ਅਜੇ ਅੰਨਾਦ੍ਰਮੁਕ ਦੀ ਸਰਕਾਰ ਹੈ। ਦੱਸ ਦੇਈਏ ਕਿ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਨਾਦ੍ਰਮੁਕ ਅਤੇ ਉਸ ਦੇ ਗਠਜੋੜ ਦਲਾਂ ਨੇ 134 ਸੀਟਾਂ ‘ਤੇ ਜਿੱਤ ਹਾਸਲ ਕਰਕੇ ਸੂਬੇ ਵਿੱਚ ਆਪਣੀ ਸਰਕਾਰ ਬਣਾਈ ਸੀ। ਅਜੇ ਇੱਥੋਂ ਦੇ ਮੁੱਖ ਮੰਤਰੀ ਈ ਪਲਾਨਸਵਾਮੀ ਹਨ। ਤਮਿਲਨਾਡੂ ਵਿੱਚ ਵੋਟਿੰਗ ਲਈ 66 ਹਜ਼ਾਰ ਕੇਂਦਰ ਬਣਾਏ ਜਾਣਗੇ।