91ਵੇਂ ਸਾਲ ਦੇ ਬਲਬੀਰ ਸਿੰਘ ਕੰਬੋਜ ਸਣੇ 337 ਖਿਡਾਰੀਆਂ ਨੇ ਲਿਆ ਹਿੱਸਾ
ਡਾ. ਗੁਰਿੰਦਰਪਾਲ ਸਿੰਘ ਜੋਸ਼ਨ ਨੇ ਪੰਜਾਬੀਆਂ ਦੀ ਕਰਵਾਤੀ ਬੱਲੇ-ਬੱਲੇ
ਨਿਊਯਾਰਕ, 20 ਅਪ੍ਰੈਲ (ਸ਼ਾਹ) : ਨਿਊਯਾਰਕ ਦੇ ਆਈਜਨਹੋਵਰ ਪਾਰਕ ਵਿਖੇ ਸਿੱਖਸ ਇਨ ਅਮਰੀਕਾ ਸੰਸਥਾ ਵੱਲੋਂ 7ਵੀਂ ਸਾਲਾਨਾ ਲੌਂਗ ਆਈਲੈਂਡ 5 ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ 337 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ 91ਵੇਂ ਸਾਲ ਦੇ ਦੌੜਾਕ ਪ੍ਰਿੰਸੀਪਲ ਬਲਬੀਰ ਸਿੰਘ ਕੰਬੋਜ ਵੀ ਸ਼ਾਮਲ ਹੈ, ਜਦਕਿ ਉਹਾਈਓ ਸਟੇਟ ਤੋਂ ਆਏ ਗੁਰਦਿਆਲ ਸਿੰਘ ਸੂਨਰ ਨੇ ਆਪਣੇ ਉਮਰ ਵਰਗ ਵਿੱਚ ਅੱਵਲ ਆ ਕੇ 126ਵਾਂ ਗੋਲਡ ਮੈਡਲ ਜਿੱਤ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸ਼ਨ ਨੇ ਦੱਸਿਆ ਕਿ ਇਸ ਦੌੜ ਵਿਚ 337 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ 4 ਸਾਲ ਦੀ ਉਮਰ ਤੋਂ ਲੈ ਕੇ 91 ਸਾਲਾਂ ਦੇ ਦੌੜਾਕ ਪ੍ਰਿੰਸੀਪਲ ਬਲਬੀਰ ਸਿੰਘ ਕੰਬੋਜ ਵੀ ਸ਼ਾਮਲ ਹੋਏ, ਜੋ ਪੈਨਸਿਲਵੇਨੀਆ ਸਟੇਟ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸੀ।
ਇਸ ਦੌੜ ਵਿਚ ਓਹਾਈਓ ਸਟੇਟ ਤੋਂ ਗੁਰਦਿਆਲ ਸਿੰਘ ਸੂਨਰ ਨੇ ਆਪਣੀ ਉਮਰ ਵਰਗ ਵਿਚ ਅੱਵਲ ਸਥਾਨ ਹਾਸਲ ਕਰਕੇ 126ਵਾਂ ਗੋਲਡ ਮੈਡਲ ਹਾਸਲ ਕੀਤਾ ਅਤੇ ਅਮਰੀਕਾ ਵਿਚ ਰਿਕਾਰਡ ਸਥਾਪਿਤ ਕਰ ਦਿੱਤਾ। ਇਸ ਦੌੜ ਵਿਚ ਓਵਰਆਲ ਚੈਂਪੀਅਨ ਵਜੋਂ ਮੁੰਡਿਆਂ ਵਿਚ ਬੀਨੂੰ ਪਾਲਸ, ਜਸਕਰਨ ਸਿੰਘ ਅਤੇ ਦਸ਼ਮੇਰ ਸਿੰਘ ਨੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹ੍ਹਾਂ ਕੁੜੀਆਂ ਦੀ ਦੌੜ ਵਿਚ ਏਲਨ ਲੀ, ਬਲੈਕ ਜੀ ਅਤੇ ਏਮਲੀ ਗਲਵੇਜ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ।