ਬਠਿੰਡਾ ਤੋਂ ਨੌਜਵਾਨ ਨੂੰ ਹਿਰਾਸਤ ਵਿਚ ਲਿਆ
ਮੋਗਾ, 17 ਮਈ, ਹ.ਬ. : ਪੰਜਾਬ ਵਿੱਚ ਸਵੇਰ ਤੋਂ ਹੀ ਐਨਆਈਏ ਦੀ ਛਾਪੇਮਾਰੀ ਜਾਰੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ 12 ਜ਼ਿਲਿਆਂ ’ਚ ਐਨਆਈਏ ਵਲੋਂ ਛਾਪੇ ਮਾਰੇ ਗਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੋਗਾ ’ਚ ਚਾਰ ਤੋਂ ਪੰਜ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਰਜਿੰਦਰ ਸਟਰੀਟ, ਤਲਵੰਡੀ ਭਗੇਰੀਆ, ਧੂਰਕੋਟ, ਨਿਧਾਵਾਲਾ ਵਿਖੇ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ। ਮੋਗਾ ਦੀ ਰਜਿੰਦਰ ਸਟਰੀਟ ’ਚ ਇਕ ਕਾਰੋਬਾਰੀ ਦੇ ਘਰ ’ਤੇ ਵੀ ਐਨਆਈਏ ਨੇ ਛਾਪਾ ਮਾਰਿਆ ਹੈ। ਬਠਿੰਡਾ ਵਿੱਚ ਐਨਆਈਏ ਨੇ ਚੰਦਸਰ ਬਸਤੀ ਵਿੱਚ ਛਾਪਾ ਮਾਰ ਕੇ ਜੇਜਮ ਖੋਖਰ ਨਾਂ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਜਿਸ ਦੀ ਕੜੀ ਗੈਂਗਸਟਰਾਂ ਨਾਲ ਦੱਸੀ ਜਾ ਰਹੀ ਹੈ। ਐਨਆਈਏ ਦੀ ਟੀਮ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਲਾਈਨ ਥਾਣੇ ਪਹੁੰਚ ਗਈ, ਜਿੱਥੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜੇਲ੍ਹ ਅੰਦਰ ਇੱਕ ਅਪਰਾਧਕ ਮਾਮਲੇ ਵਿੱਚ ਬੰਦ ਉਕਤ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਉਕਤ ਨੌਜਵਾਨ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਦੱਸਿਆ ਜਾ ਰਿਹਾ ਹੈ। ਜਗਰਾਉਂ ਕਤਲ ਕਾਂਡ ਵਿੱਚ ਉਕਤ ਨੌਜਵਾਨ ਨੇ ਮੁਲਜ਼ਮਾਂ ਨੂੰ ਕਾਰਤੂਸ ਮੁਹੱਈਆ ਕਰਵਾਏ ਸਨ। ਐਨਆਈਏ ਨੇ ਮੁਕਤਸਰ ਦੇ ਕੋਟਕਪੂਰਾ ਰੋਡ ’ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਇੱਕ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ। ਟੀਮ ਇੱਥੇ ਸਿਰਫ 15-20 ਮਿੰਟ ਹੀ ਰੁਕੀ। ਬਾਅਦ ਵਿੱਚ ਉਹ ਹੋਰ ਜ਼ਿਲ੍ਹਿਆਂ ਲਈ ਰਵਾਨਾ ਹੋ ਗਿਆ। ਟੀਮ ਸਵੇਰੇ ਪੰਜ ਵਜੇ ਮੁਕਤਸਰ ਰੇਡ ਲਈ ਪਹੁੰਚੀ ਸੀ।