Home ਤਾਜ਼ਾ ਖਬਰਾਂ ਬਠਿੰਡਾ ਵਿਚ ਸੜਕ ਹਾਦਸਾ, 3 ਲੋਕਾਂ ਦੀ ਮੌਤ

ਬਠਿੰਡਾ ਵਿਚ ਸੜਕ ਹਾਦਸਾ, 3 ਲੋਕਾਂ ਦੀ ਮੌਤ

0


ਬਠਿੰਡਾ, 27 ਅਪ੍ਰੈਲ, ਹ.ਬ. : ਪੰਜਾਬ ਵਿਚ ਦਿਨੋਂ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੁੰਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਰੋਡ ’ਤੇ ਵੀਰਵਾਰ ਸਵੇਰੇ ਇੱਕ ਕਾਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ। ਕਿਸੇ ਅਣਪਛਾਤੀ ਗੱਡੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਝਾੜੀਆਂ ਵਿੱਚ ਜਾ ਵੱਜੀ। ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਕੋਟਸ਼ਮੀਰ ਦੀ ਪੁਲਸ ਮੌਕੇ ’ਤੇ ਪੁੱਜ ਗਈ। ਸਹਾਰਾ ਜਨਸੇਵਾ ਦੇ ਵਰਕਰ ਵਿੱਕੀ ਨੇ ਦੱਸਿਆ ਕਿ ਸਹਾਰਾ ਜਨਸੇਵਾ ਦੇ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਿ ਤਲਵੰਡੀ ਸਾਬੋ ਰੋਡ ’ਤੇ ਹਾਦਸਾ ਹੋਇਆ ਹੈ। ਜਿਵੇਂ ਹੀ ਉਹ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਇਕ ਕਾਰ ਪਲਟੀ ਹੋਈ ਸੀ ਅਤੇ ਉਸ ’ਚ ਸਵਾਰ 3 ਲੋਕ ਗੰਭੀਰ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਨਾਲ ਤਿੰਨਾਂ ਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵਿੱਕੀ ਨੇ ਦੱਸਿਆ ਕਿ ਤਿੰਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਉਸ ਨੇ ਦੱਸਿਆ ਕਿ ਕਿਸੇ ਅਣਪਛਾਤੀ ਗੱਡੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਕਾਰ ਚਾਲਕ ਦੀ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ। ਬਾਕੀ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।