Home ਤਾਜ਼ਾ ਖਬਰਾਂ ਬਾਦਲ ਨੇ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫਰ

ਬਾਦਲ ਨੇ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫਰ

0

1970 ਵਿਚ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ, 26 ਅਪ੍ਰੈਲ, ਹ.ਬ. : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ 25 ਅਪ੍ਰੈਲ ਨੂੰ ਆਖਰੀ ਸਾਹ ਲਿਆ। ਪੰਜਾਬ ਦੇ ਹੁਣ ਤੱਕ 17 ਮੁੱਖ ਮੰਤਰੀਆਂ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਘੱਟ ਉਮਰ 43 ਸਾਲ ਅਤੇ ਸਭ ਤੋਂ ਜ਼ਿਆਦਾ 82 ਸਾਲ ਦੀ ਉਮਰ ਦੇ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ। ਹਾਲਾਂਕਿ ਉਨ੍ਹਾਂ ਆਖਰੀ ਚੋਣ ਵਿਚ ਹਾਰ ਦਾ ਸਾਹਮਣਾ ਕਰਨਾਂ ਪਿਆ ਸੀ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ ਸੀ। ਪ੍ਰਕਾਸ਼ ਸਿੰਘ ਬਾਦਲ 1970 ਤੋਂ 1971 ਅਤੇ ਫਿਰ 1977 ਤੋਂ 1980 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਉਹ 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਪੰਜਾਬ ਰਾਜ ਦੇ ਮੁੱਖ ਮੰਤਰੀ ਰਹੇ। ਉਹ 1995 ਤੋਂ 2008 ਤੱਕ ਪਾਰਟੀ ਦੇ ਪ੍ਰਧਾਨ ਵੀ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹਨ। ਭਾਰਤ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 2015 ਵਿਚ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਜੀਵਨ 1947 ਵਿਚ ਸ਼ੁਰੂ ਕੀਤਾ ਸੀ। ਉਹ ਪੰਜਾਬ ਦੀ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਤੇ ਬਾਅਦ ਵਿਚ ਲੰਬੀ ਬਲਾਕ ਕਮੇਟੀ ਦੇ ਚੇਅਰਮੈਨ ਰਹੇ। ਉਹ ਪਹਿਲੀ ਵਾਰ 1957 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਜਿੱਤੇ ਸਨ। ਇਸ ਤੋਂ ਬਾਅਦ ਉਹ 1969 ਵਿਚ ਦੁਬਾਰਾ ਚੁਣੇ ਗਏ। ਇਸ ਦੌਰਾਨ ਉਨ੍ਹਾਂ ਨੇ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਵਜੋਂ ਸੇਵਾ ਨਿਭਾਈ। ਉਹ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। 1970 ਵਿਚ ਉਹ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ।