Home ਪੰਜਾਬ ਬਾਦਲ ਪਰਵਾਰ ਦੇ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਦਾ ਦਿਹਾਂਤ

ਬਾਦਲ ਪਰਵਾਰ ਦੇ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਦਾ ਦਿਹਾਂਤ

0
ਬਾਦਲ ਪਰਵਾਰ ਦੇ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਦਾ ਦਿਹਾਂਤ

**ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਲਏ ਆਖਰੀ ਸਾਹ **ਜੱਦੀ ਪਿੰਡ ਕੋਲਿਆਂਵਾਲੀ ਵਿਖੇ ਕੀਤਾ ਗਿਆ ਅੰਤਮ ਸਸਕਾਰ
ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਤਿੰਨ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ ਦਿਆਲ ਸਿੰਘ ਕੋਲਿਆਂਵਾਲੀ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਏ। ਦਿਆਲ ਸਿੰਘ ਕੋਲਿਆਂਵਾਲੀ ਦਾ ਸਿਆਸੀ ਸਫ਼ਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਉਹ ਲੰਬੀ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਸਵੀਰ ਸਿੰਘ ਕੱਖਾਂਵਾਲੀ ਨਾਲ ਸੰਪਰਕ ਵਿਚ ਆਏ। ਜਸਵੀਰ ਸਿੰਘ ਕੱਖਾਂਵਾਲੀ ਦੀ ਮੌਤ ਤੋਂ ਬਾਅਦ ਉਹ, ਬਾਦਲ ਪਰਵਾਰ ਦੇ ਨੇੜੇ ਹੋ ਗਏ। ਉਨ੍ਹਾਂ ਨੇ ਕੋਲਿਆਂਵਾਲੀ ਪਿੰਡ ਦੀ ਸਰਪੰਚੀ ਤੋਂ ਸ਼ੁਰੂਆਤ ਕੀਤੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। ਦਿਆਲ ਸਿੰਘ ਕੋਲਿਆਂਵਾਲੀ ਅਤੇ ਵਿਵਾਦਾਂ ਦਾ ਪੁਰਾਣਾ ਰਿਸ਼ਤਾ ਸੀ। ਦਸੰਬਰ 2018 ਵਿਚ ਆਮਦਨ ਤੋਂ ਵਧੇਰੇ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਫ਼ਰਵਰੀ 2019 ਵਿਚ ਜ਼ਮਾਨਤ ‘ਤੇ ਰਿਹਾਅ ਹੋਏ। ਇਸ ਤੋਂ ਪਹਿਲਾਂ ਦਸੰਬਰ 2004 ਵਿਚ ਕੋਲਿਆਂਵਾਲੀ ਅਤੇ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ। 2011 ਵਿਚ ਉਹ ਬਰੀ ਹੋ ਗਏ ਪਰ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਘਰੋਂ ਸ਼ੱਕੀ ਪਦਾਰਥ ਦੇ 15 ਪੈਕਟ ਬਰਾਮਦ ਕੀਤੇ ਗਏ। ਇਸ ਮਾਮਲੇ ਵਿਚੋਂ ਵੀ ਉਹ ਬਰੀ ਹੋ ਗਏ। ਦਿਆਲ ਸਿੰਘ ਕੋਲਿਆਂਵਾਲੀ ਦਾ ਅੱਜ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਸਸਕਾਰ ਕਰ ਦਿਤਾ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿਆਲ ਸਿੰਘ ਕੋਲਿਆਂਵਾਲੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।