ਨਵੀਂ ਦਿੱਲੀ- ਉਦਯੋਗਪਤੀ ਗੌਤਮ ਅਡਾਨੀ ਨੇ ਕਮਾਈ ਦੇ ਮਾਮਲੇ ਵਿਚ ਐਮਾਜ਼ੋਨ ਦੇ ਸੀ. ਈ. ਓ. ਜੈੱਫ ਬੇਜੋਸ ਅਤੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸਾਲ ਅਡਾਨੀ ਗਰੁੱਪ ਦੇ ਚੇਅਰਮੈਨ ਦੀ ਦੌਲਤ ਦੁਨੀਆ ਦੇ ਅਰਬਪਤੀਆਂ ਵਿਚੋਂ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਇਸ ਦਾ ਕਾਰਨ ਉਨ੍ਹਾਂ ਦੇ ਪੋਰਟ ਕਾਰੋਬਾਰ ਤੋਂ ਲੈ ਕੇ ਊਰਜਾ ਕਾਰੋਬਾਰ ਵਿਚ ਨਿਵੇਸ਼ਕਾਂ ਦਾ ਭਰੋਸਾ ਵਧਣਾ ਹੈ। ਨਿਵੇਸ਼ਕਾਂ ਨੇ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਇਸ ਸਾਲ ਜਮ ਕੇ ਖ਼ਰੀਦਦਾਰੀ ਕੀਤੀ ਹੈ।
ਬਲੂਮਬਰਗ ਬਿਲੀਨੀਅਰਸ ਇੰਡੈਕਸ ਅਨੁਸਾਰ, ਅਡਾਨੀ ਦੀਆਂ ਕਈ ਕੰਪਨੀਆਂ ਦੇ ਸ਼ੇਅਰਾਂ ਨੇ ਵਾਧਾ ਦਰਜ ਕੀਤਾ ਹੈ, ਜਿਸ ਨਾਲ ਸਾਲ 2021 ਵਿਚ ਅਡਾਨੀ ਦੀ ਦੌਲਤ 16.2 ਅਰਬ ਡਾਲਰ ਤੋਂ ਵੱਧ ਕੇ 50 ਅਰਬ ਡਾਲਰ ‘ਤੇ ਪਹੁੰਚ ਗਈ। ਪਿਛਲੇ ਇਕ ਸਾਲ ਵਿਚ ਅਡਾਨੀ ਇੰਟਰਪ੍ਰਾਈਜਜ਼ ਦੇ ਸ਼ੇਅਰਾਂ ਵਿਚ ਚਾਰ ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਅਤੇ ਅਡਾਨੀ ਪੋਟਰਸ ਤੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਸ਼ੇਅਰਾਂ ਦੀ ਕੀਮਤ ਇਸ ਮਿਆਦ ਦੌਰਾਨ ਦੁੱਗਣੀ ਤੋਂ ਵੱਧ ਹੋ ਗਈ।
ਇਸ ਤਰ੍ਹਾਂ ਸਾਲ 2021 ਵਿਚ ਹੁਣ ਤੱਕ ਕਮਾਈ ਦੇ ਮਾਮਲੇ ਵਿਚ ਉਨ੍ਹਾਂ ਨੇ ਦੁਨੀਆ ਦੇ ਦੋ ਸਭ ਤੋਂ ਧਨੀ ਵਿਅਕਤੀਆਂ ਜੈੱਫ ਬੇਜੋਸ ਤੇ ਐਲਨ ਮਸਕ ਨੂੰ ਮਾਤ ਦਿੱਤੀ ਹੈ। ਮਸਕ ਦੀ ਦੌਲਤ ਇਸ ਦੌਰਾਨ ਜਿੱਥੇ 10.3 ਅਰਬ ਡਾਲਰ ਵਧੀ, ਉੱਥੇ ਹੀ ਬੇਜੋਸ ਨੇ 7.59 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਹੈ। ਹਾਲਾਂਕਿ, ਕੁੱਲ ਦੌਲਤ ਦੇ ਮਾਮਲੇ ਵਿਚ ਅਡਾਨੀ ਦੁਨੀਆ ਦੇ 26ਵੇਂ ਅਮੀਰ ਵਿਅਕਤੀ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਵੱਧ ਅਤੇ ਦੁਨੀਆ 10ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਇਸ ਦੌਰਾਨ ਅੰਬਾਨੀ ਦੀ ਦੌਲਤ 8.1 ਅਰਬ ਡਾਲਰ ਵਧੀ।