Home ਭਾਰਤ ਭਾਜਪਾ ਐਮ.ਪੀ. ਦੀ ਨੂੰਹ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਭਾਜਪਾ ਐਮ.ਪੀ. ਦੀ ਨੂੰਹ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

0
ਭਾਜਪਾ ਐਮ.ਪੀ. ਦੀ ਨੂੰਹ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਖੁਦਕੁਸ਼ੀ ਦੀ ਧਮਕੀ ਵਾਲੀ ਵੀਡੀਓ ਹੋਈ ਵਾਇਰਲ

ਲਖਨਊ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਯੂ.ਪੀ. ਤੋਂ ਭਾਜਪਾ ਦੇ ਐਮ.ਪੀ. ਕੌਸ਼ਲ ਕਿਸ਼ੋਰ ਦੇ ਪਰਵਾਰਕ ਵਿਵਾਦ ਨੇ ਐਤਵਾਰ ਨੂੰ ਖ਼ਤਰਨਾਕ ਮੋੜ ਲੈ ਲਿਆ ਜਦੋਂ ਉਨ੍ਹਾਂ ਦੀ ਨੂੰਹ ਨੇ ਆਪਣੀ ਨਸ ਵੱਢ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਘਰ ਵਿਚ ਮੌਜੂਦਾ ਸੁਰੱਖਿਆ ਮੁਲਾਜ਼ਮ ਅੰਕਿਤਾ ਸਿੰਘ ਨੂੰ ਤੁਰਤ ਹਸਪਤਾਲ ਲੈ ਗਏ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਪਹਿਲਾਂ ਅੰਕਿਤਾ ਸਿੰਘ ਨੇ ਇਕ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਅੰਕਿਤਾ ਸਿੰਘ ਭੁੱਬਾਂ ਮਾਰ ਕੇ ਰੋਂਦੀ ਹੋਈ ਕਹਿੰਦੀ ਹੈ ਕਿ ਉਹ ਇਸ ਦੁਨੀਆਂ ਤੋਂ ਵਿਦਾ ਹੋ ਰਹੀ ਹੈ। ਆਪਣੇ ਪਤੀ ਨੂੰ ਸੰਬੋਧਤ ਹੁੰਦਿਆਂ ਅੰਕਿਤਾ ਕਹਿੰਦੀ ਹੈ ਕਿ ਆਯੁਸ਼ ਮੇਰੀ ਕੋਈ ਗ਼ਲਤੀ ਨਹੀਂ ਪਰ ਤੂੰ ਮੇਰੇ ਜਿਊਣ ਦੇ ਸਾਰੇ ਰਾਹ ਬੰਦ ਕਰ ਦਿਤੇ। ਤੂੰ ਮੈਨੂੰ ਛੱਡ ਕੇ ਚਲਾ ਗਿਆ। ਤੇਰੀ ਮਾਂ ਵਿਧਾਇਕ ਹੈ ਅਤੇ ਪਿਉ ਐਮ.ਪੀ., ਅਜਿਹੇ ਵਿਚ ਮੇਰੀ ਕੋਈ ਨਹੀਂ ਸੁਣੇਗਾ। ਅੰਕਿਤਾ ਨੇ ਐਤਵਾਰ ਦੇਰ ਰਾਤ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਅਤੇ ਫਿਰ ਸਕੂਟੀ ‘ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਪੁੱਜ ਗਈ। ਅੰਕਿਤਾ ਨੇ ਆਪਣੇ ਪਤੀ ਨੂੰ ਹਾਕਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਜਿਸ ‘ਤੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ। ਇਸੇ ਦੌਰਾਨ ਅੰਕਿਤਾ ਨੇ ਆਪਣੇ ਹੱਥ ਦੀ ਨਸ ਵੱਢ ਦਿਤੀ। ਐਤਵਾਰ ਨੂੰ ਹੀ ਆਯੁਸ਼ ਲਖਨਊ ਦੇ ਹਜ਼ਰਤਗੰਜ ਥਾਣੇ ਵਿਚ ਪੇਸ਼ ਹੋਇਆ। ਇਸ ਤੋਂ ਪਹਿਲਾਂ ਉਹ ਫ਼ਰਾਰ ਸੀ ਅਤੇ ਵੀਡੀਓ ਵਾਇਰਲ ਕਰ ਕੇ ਆਪਣੇ ਪਤਨੀ ਅੰਕਿਤਾ ‘ਤੇ ਗੰਭੀਰ ਦੋਸ਼ ਲਾਏ ਸਨ। ਅੰਕਿਤਾ ਨੇ ਆਯੁਸ਼ ਦਾ ਨਾਰਕੋ ਟੈਸਟ ਕਰਨ ਦੀ ਮੰਗ ਕੀਤੀ ਸੀ। ਚੇਤੇ ਰਹੇ ਕਿ 2 ਮਾਰਚ ਦੀ ਰਾਤ ਭਾਜਪਾ ਦੇ ਐਮ.ਪੀ. ਕੌਸ਼ਲ ਕਿਸ਼ੋਰ ਦੇ ਬੇਟੇ ਆਯੁਸ਼ ‘ਤੇ ਕਿਸੇ ਨੇ ਗੋਲੀਆਂ ਚਲਾ ਦਿਤੀਆਂ। ਬਾਅਦ ਵਿਚ ਪੁਲਿਸ ਨੇ ਆਯੁਸ਼ ਦੇ ਸਾਲੇ ਨੂੰ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਪੁਲਿਸ ਕਮਿਸ਼ਨਰ ਡੀ.ਕੇ. ਠਾਕੁਰ ਨੇ ਦਾਅਵਾ ਕੀਤਾ ਕਿ ਆਯੁਸ਼ ਨੇ ਕੁਝ ਲੋਕਾਂ ਨੂੰ ਫਸਾਉਣ ਲਈ ਆਪਣੇ ਸਾਲੇ ਆਦਰਸ਼ ਤੋਂ ਗੋਲੀਆਂ ਚਲਵਾਈਆਂ।