ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਇੱਕ ਵਾਰ ਮੁੜ ਤੋਂ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਸਿਰਫ਼ ਇੱਕ ਦਿਨ ਵਿੱਚ ਹੀ 41 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲੇ, ਜਦਕਿ 188 ਮਰੀਜ਼ਾਂ ਨੇ ਇਸ ਮਹਾਂਮਾਰੀ ਦੇ ਚਲਦਿਆਂ ਦਮ ਤੋੜ ਦਿੱਤਾ।
ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਸੂਬਾ ਸਰਕਾਰਾਂ ਵੱਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਪੰਜਾਬ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ 31 ਮਾਰਚ ਤੱਕ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਜਦਕਿ ਮੱਧ ਪ੍ਰਦੇਸ਼ ਸਰਕਾਰ ਨੇ 20 ਮਾਰਚ ਤੋਂ ਮਹਾਰਾਸ਼ਟਰ ਤੋਂ ਆਉਣ ਅਤੇ ਜਾਣ ਵਾਲੀਆਂ ਯਾਤਰੀ ਬੱਸਾਂ ’ਤੇ ਰੋਕ ਲਗਾ ਦਿੱਤੀ ਹੈ। 21 ਮਾਰਚ ਨੂੰ ਭੋਪਾਲ, ਇੰਦੌਰ ਅਤੇ ਜਬਲਪੁਰ ਵਿੱਚ ਲੌਕਡਾਊਨ ਰਹੇਗਾ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 40,953 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ 188 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਖ਼ਬਰ ਇਹ ਹੈ ਕਿ 23 ਹਜ਼ਾਰ 653 ਮਰੀਜ਼ ਸਿਹਤਯਾਬ ਵੀ ਹੋਏ ਹਨ। ਸਿਹਤ ਮੰਤਰਾਲੇ ਦੁਆਰਾ ਸ਼ਨਿੱਚਰਵਾਰ ਸਵੇਰੇ 8 ਵਜੇ ਤੱਕ ਕੋਰੋਨਾ ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ਮੁਤਾਬਕ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1 ਕਰੋੜ 15 ਲੱਖ 55 ਹਜ਼ਾਰ 284 ’ਤੇ ਪਹੁੰਚ ਗਈ ਹੈ। ਹਾਲਾਂਕਿ ਰਾਹਤ ਦੀ ਖ਼ਬਰ ਇਹ ਹੈ ਕਿ ਦੇਸ਼ ਵਿੱਚ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1 ਕਰੋੜ 11 ਲੱਖ 7 ਹਜ਼ਾਰ 332 ਤੋਂ ਟੱਪ ਗਈ ਹੈ। ਹੁਣ ਤੱਕ 1 ਲੱਖ 59 ਹਜ਼ਾਰ 558 ਮਰੀਜ਼ ਮਹਾਂਮਾਰੀ ਕਾਰਨ ਦਮ ਤੋੜ ਚੁੱਕੇ ਹਨ। ਦੇਸ਼ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 2 ਲੱਖ 88 ਹਜ਼ਾਰ 394 ਹੋ ਤੋਂ ਟੱਪ ਗਈ ਹੈ। ਭਾਰਤ ਵਿੱਚ ਹੁਣ ਤੱਕ ਕੁੱਲ 4 ਕਰੋੜ 20 ਲੱਖ 63 ਹਜ਼ਾਰ 392 ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਾਇਆ ਜਾ ਚੁੱਕਾ ਹੈ।