ਨਵੀਂ ਦਿੱਲੀ, 18 ਮਾਰਚ, ਹ.ਬ. : ਕੋਰੋਨਾ ਸੰਕਟ ਇੱਕ ਵਾਰ ਮੁੜ ਭਾਰਤ ਵਿਚ ਅਪਣੇ ਪੈਰ ਪਸਾਰ ਰਿਹਾ ਹੈ। ਇਸ ਸਾਲ 102 ਦਿਨ ਬਾਅਦ ਰਿਕਾਰਡ ਪਹਿਲੀ ਵਾਰ 35 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟੇ ਵਿਚ 35,871 ਹਜ਼ਾਰ ਨਵੇਂ ਕੋਰੋਨਾ ਕੇਸ ਆਏ ਅਤੇ 172 ਲੋਕਾਂ ਦੀ ਜਾਨ ਚਲੀ ਗਈ। ਹਾਲਾਂਕਿ 17,741 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 5 ਦਸੰਬਰ 2020 ਨੂੰ 36,011 ਕੋਰੋਨਾ ਕੇਸ ਦਰਜ ਕੀਤੇ ਗਏ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿਚ ਕੋਰੋਨਾ ਦੇ ਕੁਲ ਮਾਮਲੇ ਵਧ ਕੇ ਇੱਕ ਕਰੋੜ 14 ਲੱਖ 74 ਹਜ਼ਾਰ 605 ਹੋ ਗਏ ਹਨ। ਕੁਲ ਇੱਕ ਲੱਖ 59 ਹਜ਼ਾਰ 216 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਕ ਕਰੋੜ 10 ਲੱਖ 63 ਹਜ਼ਾਰ ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿਚ ਹੁਣ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ ਦੋ ਲੱਖ 52 ਹਜ਼ਾਰ 364 ਹੋ ਗਈ ਹੈ ਯਾਨੀ ਕਿ ਇੰਨੇ ਲੋਕ ਅਜੇ ਕੋਰੋਨਾ ਪੀੜਤ ਹਨ। ਮਹਾਰਾਸ਼ਟਰ ਵਿਚ ਹਰ ਦਿਨ ਸਭ ਤੋਂ ਜ਼ਿਆਦਾ ਕੋਰੋਨ ਮਾਮਲੇ ਸਾਹਮਣੇ ਆ ਰਹੇ ਹਨ। ਬੁਧਵਾਰ ਨੂੰ Îਇੱਥੇ ਕੋਰੋਨਾ ਦੇ 23,179 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਕਿ ਇਸ ਸਾਲ ਸਭ ਤੋਂ ਜ਼ਿਆਦਾ ਹਨ। ਇਸ ਦੇ ਨਾਲ ਹੀ 84 ਹੋਰ ਮਰੀਜ਼ਾਂ ਦੀ ਮੌਤ ਹੋ ਗਈ।