* ਸੰਗਠਿਤ ਮਜ਼ਦੂਰਾਂ ਦੇ ਦਬਾਅ ਕਾਰਨ ਅਜੇ ਤੱਕ ਨਹੀਂ ਚੁੱਕਿਆ ਕੋਈ ਕਦਮ
ਸੈਕਰਾਮੈਂਟੋ 13 ਮਾਰਚ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੁਸ਼ਲ ਆਰਜੀ ਵਰਕਰਾਂ (ਐਚ-1 ਬੀ ਵੀਜ਼ਾ) ਉਪਰ ਲਾਈ ਪਾਬੰਦੀ ਹਟਾਉਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਅਮਰੀਕੀ ਇਮੀਗ੍ਰੇਸ਼ਨ ਅਟਾਰਨੀ ਸਾਇਰਸ ਮਹਿਤਾ ਨੇ ‘ਵੈਸਟ ਇੰਡੀਆ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਚ 1 ਬੀ ਵੀਜ਼ਾ ਉਪਰੋਂ ਪਾਬੰਦੀ ਖਤਮ ਕਰਨ ਦੀ ਸੰਭਾਵਨਾ ਘੱਟ ਨਜਰ ਆ ਰਹੀ ਹੈ ਕਿਉਂਕਿ ਬਾਇਡੇਨ ਨੇ ਇਸ ਸਬੰਧੀ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਸੰਭਾਵੀ ਤੌਰ ‘ਤੇ ਰਾਸ਼ਟਰਪਤੀ ਸੰਗਠਿਤ ਕਿਰਤੀਆਂ ਤੇ ਰਿਪਬਲੀਕਨਾਂ ਦੇ ਦਬਾਅ ਹੇਠ ਆ ਗਏ ਹਨ। ਰਾਸ਼ਟਰਪਤੀ ਵੱਲੋਂ ਹਾਲ ਹੀ ਵਿਚ ਸਾਬਕਾ ਰਾਸ਼ਟਰਪਤੀ ਦੁਆਰਾ ਕੋਵਿਡ-19 ਦਰਮਿਆਨ ਪਰਿਵਾਰਕ ਇਮੀਗ੍ਰੇਸ਼ਨ ਉਪਰ ਲਾਈ ਰੋਕ ਹਟਾਈ ਗਈ ਸੀ ਤੇ ਸਮਝਿਆ ਜਾਂਦਾ ਸੀ ਕਿ ਉਹ ਉੱਚ ਕੁਸ਼ਲ ਵਰਕਰਾਂ ਦੇ ਅਮਰੀਕਾ ਵਿਚ ਦਾਖਲੇ ਉਪਰ ਲਾਈ ਰੋਕ ਵੀ ਛੇਤੀ ਹਟਾ ਦੇਣਗੇ ਪਰ ਇਸ ਸਬੰਧੀ ਕੋਈ ਕਾਰਵਾਈ ਨਾ ਹੋਣ ਕਾਰਨ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਇਹ ਪਾਬੰਦੀ ਲਾਈ ਸੀ ਜੋ ਅਜੇ ਵੀ ਜਾਰੀ ਹੈ। ਪਾਬੰਦੀ ਦੇ ਬਾਵਜੂਦ ਅਮਰੀਕਾ ਵਿਚ ਬੇਰੁਜ਼ਗਾਰੀ ਵਿੱਚ 10૱ ਤੋਂ ਵਧ ਦਾ ਵਾਧਾ ਹੋਇਆ ਹੈ ਤੇ 3 ਕਰੋੜ 20 ਲੱਖ ਤੋਂ ਵਧ ਅਮਰੀਕੀਆਂ ਨੇ ਬੇਰੁਜ਼ਗਾਰੀ ਲਾਭ ਲਈ ਦਾਅਵਾ ਕੀਤਾ ਹੈ। ਮਹਿਤਾ ਨੇ ਕਿਹਾ ਕਿ ਬਾਇਡੇਨ ਨੂੰ ਪ੍ਰੋਤਸਾਹਨ ਬਿੱਲ ਪਾਸ ਕਰਵਾਉਣ ਲਈ ਸਮਰਥਨ ਦੀ ਲੋੜ ਹੈ। ਇਥੇ ਜਿਕਰਯੋਗ ਹੈ ਕਿ ਟਰੰਪ ਵੱਲੋਂ ਲਾਈ ਪਾਬੰਦੀ 31 ਮਾਰਚ ਨੂੰ ਖਤਮ ਹੋਣ ਵਾਲੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਬਾਇਡੇਨ ਮਾਰਚ ਤੋਂ ਬਾਅਦ ਵੀ ਇਹ ਪਾਬੰਦੀ ਜਾਰੀ ਰਖਦੇ ਹਨ ਜਾਂ ਨਹੀਂ। ਬਾਇਡੇਨ ਲਈ ਇਹ ਪਰਖ ਦੀ ਘੜੀ ਵੀ ਹੈ ਕਿਉਂਕਿ ਭਾਰਤੀਆਂ ਸਮੇਤ ਲੱਖਾਂ ਏਸ਼ੀਅਨਾਂ ਨੇ ਟਰੰਪ ਵੱਲੋਂ ਲਾਈਆਂ ਪਾਬੰਦੀਆਂ ਦੇ ਵਿਰੋਧ ਵਿਚ ਬਾਈਡੇਨ ਦਾ ਖੁਲ ਕੇ ਸਮਰਥਨ ਕੀਤਾ ਸੀ ਤੇ ਬਾਇਡੇਨ ਨੇ ਚੋਣ ਪ੍ਰਚਾਰ ਦੌਰਾਨ ਇਹ ਪਾਬੰਦੀਆਂ ਖਤਮ ਕਰਨ ਦੇ ਐਲਾਨ ਵੀ ਕੀਤੇ ਸਨ।