Home ਕਰੋਨਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਦਾਖਲ

ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਦਾਖਲ

0
ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਦਾਖਲ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ। ਕੋਰੋਨਾ ਦੀ ਲਾਗ ਕਾਰਨ ਉਨ੍ਹਾਂ ਨੂੰ ਏਮਜ਼ ਦਿੱਲੀ ਵਿਖੇ ਦਾਖਲ ਕਰਵਾਇਆ ਗਿਆ ਹੈ। ਏਮਜ਼ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਸੀਨੀਅਰ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ।
ਏਮਜ਼ ਹੈਲਥ ਬੁਲੇਟਿਨ ‘ਚ ਕਿਹਾ ਗਿਆ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ 19 ਮਾਰਚ ਨੂੰ ਕੋਰੋਨਾ ਦੀ ਲਾਗ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਨੂੰ ਏਮਜ਼ ਕੋਵਿਡ ਸੈਂਟਰ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ਦੀ ਜਾਂਚ ‘ਚ ਲੱਗੀ ਹੋਈ ਹੈ।
ਏਐਨਆਈ ਅਨੁਸਾਰ ਪਿਛਲੇ 24 ਘੰਟੇ ‘ਚ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ 43,846 ਨਵੇਂ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਵੇਂ ਮਰੀਜ਼ਾਂ ਨਾਲ ਦੇਸ਼ ‘ਚ ਲਾਗ ਦੇ ਕੇਸਾਂ ਦੀ ਗਿਣਤੀ 1,15,99,130 ਹੋ ਗਈ ਹੈ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ 11ਵੇਂ ਦਿਨ ਵਾਧੇ ਨਾਲ ਦੇਸ਼ ‘ਚ ਐਕਟਿਵ ਮਾਮਲੇ 3,09,087 ਹੋ ਗਏ ਹਨ, ਜੋ ਕਿ ਲਾਗ ਦੇ ਕੁਲ ਮਾਮਲਿਆਂ ਦਾ 2.66 ਫ਼ੀਸਦੀ ਹੈ।
ਅੰਕੜਿਆਂ ਅਨੁਸਾਰ ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.96 ਫ਼ੀਸਦੀ ‘ਤੇ ਪਹੁੰਚ ਗਈ ਹੈ। ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟੇ ‘ਚ 197 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,59,755 ਤਕ ਪਹੁੰਚ ਗਈ ਹੈ।
4.36 ਕਰੋੜ ਲੋਕਾਂ ਨੂੰ ਲੱਗਿਆ ਕੋਰੋਨਾ ਟੀਕਾ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਹੁਣ ਤਕ ਕੋਵਿਡ-19 ਟੀਕੇ ਦੀਆਂ 4.36 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 16.12 ਲੱਖ ਖੁਰਾਕਾਂ ਸ਼ਨਿੱਚਰਵਾਰ ਨੂੰ ਦਿੱਤੀ ਗਈਆਂ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਅੰਕੜਿਆਂ ‘ਚ 77,63,276 ਸਿਹਤ ਕਰਮਚਾਰੀ ਹਨ, ਜਿਨ੍ਹਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 48,51,260 ਸਿਹਤ ਕਰਮਚਾਰੀਆਂ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਉੱਥੇ ਹੀ ਟੀਕਾ ਲਗਵਾਉਣ ਵਾਲੇ 1,69,58,841 ਲੋਕ 60 ਸਾਲ ਤੋਂ ਵੱਧ ਉਮਰ ਦੇ ਹਨ, ਜਦਕਿ 35,11,074 ਲੋਕ ਉਹ ਹਨ, ਜੋ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ।