ਰੋਹਤਕ, 24 ਅਪ੍ਰੈਲ, ਹ.ਬ. : ਹਰਿਆਣਾ ਦੇ ਰੋਹਤਕ ਦੇ ਕਲਾਨੌਰ ’ਚ ਵਿਆਹ ਤੋਂ ਕਰੀਬ 6 ਦਿਨ ਬਾਅਦ ਲਾੜੀ ਆਪਣੇ ਸਹੁਰੇ ਘਰੋਂ ਗਾਇਬ ਹੋ ਗਈ। ਕਲਾਨੌਰ ਦਾ ਰਹਿਣ ਵਾਲਾ ਨੌਜਵਾਨ ਸਿਰਸਾ ’ਚ ਵਿਆਹਿਆ ਹੋਇਆ ਸੀ। ਵਿਆਹ ਤੋਂ ਬਾਅਦ ਔਰਤ ਆਪਣੇ ਸਹੁਰੇ ਘਰ ਰਹਿ ਰਹੀ ਸੀ ਪਰ ਇਸ ਦੌਰਾਨ ਉਹ ਅੱਧੀ ਰਾਤ ਨੂੰ ਘਰੋਂ ਗਾਇਬ ਹੋ ਗਈ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਤਲਾਸ਼ ਕਰਨ ਲਈ ਕਿਹਾ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਲਾਨੌਰ ਵਾਸੀ ਨੌਜਵਾਨ ਨੇ ਦੱਸਿਆ ਕਿ ਉਸ ਦਾ ਵਿਆਹ 16 ਅਪਰੈਲ ਨੂੰ ਸਿਰਸਾ ਜ਼ਿਲ੍ਹੇ ਦੇ ਰਤੀਆ ਵਾਸੀ 25 ਸਾਲਾ ਲੜਕੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਹਿੰਦੂ ਰਸਮਾਂ ਅਨੁਸਾਰ ਵਿਆਹ ਧੂਮ-ਧਾਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਪਤਨੀ ਵੀ ਆਪਣੇ ਸਹੁਰੇ ਰਹਿ ਰਹੀ ਸੀ। ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ 22-23 ਅਪ੍ਰੈਲ ਦੀ ਰਾਤ ਨੂੰ ਘਰੋਂ ਲਾਪਤਾ ਹੋ ਗਈ ਸੀ। ਰਾਤ ਨੂੰ ਉਹ ਘਰ ’ਚ ਠੀਕ ਤਰ੍ਹਾਂ ਸੁੱਤੀ ਸੀ ਪਰ ਅੱਧੀ ਰਾਤ ਕਰੀਬ 12.45 ਵਜੇ ਉਹ ਘਰ ਛੱਡ ਕੇ ਭੱਜ ਗਈ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੀ ਪਤਨੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਰਿਸ਼ਤੇਦਾਰੀ ਬਾਰੇ ਵੀ ਪੁੱਛਗਿੱਛ ਕੀਤੀ ਪਰ ਕਿਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ। ਉਸ ਨੇ ਆਪਣੇ ਪੱਧਰ ’ਤੇ ਭਾਲ ਕਰਨ ਮਗਰੋਂ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਵਿਆਹੁਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।