Home ਤਾਜ਼ਾ ਖਬਰਾਂ ਵਿਜੀਲੈਂਸ ਸਾਹਮਣੇ 21 ਅਪ੍ਰੈਲ ਨੂੰ ਮੁੜ ਪੇਸ਼ ਹੋਣਗੇ ਚਰਨਜੀਤ ਚੰਨੀ

ਵਿਜੀਲੈਂਸ ਸਾਹਮਣੇ 21 ਅਪ੍ਰੈਲ ਨੂੰ ਮੁੜ ਪੇਸ਼ ਹੋਣਗੇ ਚਰਨਜੀਤ ਚੰਨੀ

0


ਮੋਹਾਲੀ, 18 ਅਪ੍ਰੈਲ, ਹ.ਬ. : ਪੰਜਾਬ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਨੋਟਿਸ ਭੇਜਿਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੰਨੀ ਨੂੰ 21 ਅਪ੍ਰੈਲ ਨੂੰ ਮੁਹਾਲੀ ਦੇ ਮੁੱਖ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਜਦੋਂ ਚੰਨੀ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਜਲੰਧਰ ਆਏ ਸਨ ਤਾਂ ਉਨ੍ਹਾਂ ਨੂੰ 14 ਅਪ੍ਰੈਲ ਨੂੰ ਵਟਸਐਪ ’ਤੇ ਸੰਦੇਸ਼ ਭੇਜ ਕੇ ਤਲਬ ਕੀਤਾ ਗਿਆ ਸੀ। ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 20 ਅਪਰੈਲ ਲਈ ਨੋਟਿਸ ਦਿੱਤਾ ਸੀ ਪਰ ਜਿਵੇਂ ਹੀ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਖ਼ਿਲਾਫ਼ ਮੂੰਹ ਖੋਲ੍ਹਿਆ ਤਾਂ 6 ਦਿਨ ਪਹਿਲਾਂ ਵਿਜੀਲੈਂਸ ਹੈੱਡਕੁਆਰਟਰ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ। 14 ਅਪ੍ਰੈਲ ਨੂੰ ਵਿਜੀਲੈਂਸ ’ਚ ਪੇਸ਼ ਹੋਣ ਤੋਂ ਪਹਿਲਾਂ ਚੰਨੀ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਖਾਲੀ ਹਨ, ਉਨ੍ਹਾਂ ਕੋਲ ਕੁਝ ਨਹੀਂ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ 14 ਅਪ੍ਰੈਲ ਨੂੰ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਦਫਤਰ ’ਚ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਉਸ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਜੋ ਵੀ ਸੀ, ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਦੱਸ ਦੇਈਏ ਕਿ ਵਿਜੀਲੈਂਸ ਨੇ ਚੰਨੀ ਲਈ 50 ਤੋਂ ਵੱਧ ਸਵਾਲ ਤਿਆਰ ਕੀਤੇ ਸਨ। ਚੰਨੀ ਤੋਂ ਮਾਈਨਿੰਗ ਮਾਮਲੇ ’ਚ ਭੁਪਿੰਦਰ ਹਨੀ ਤੋਂ ਬਰਾਮਦ 10 ਕਰੋੜ ਰੁਪਏ ਬਾਰੇ ਵੀ ਪੁੱਛਗਿੱਛ ਕੀਤੀ ਗਈ। ਉਸ ਤੋਂ ਪੁੱਛਿਆ ਗਿਆ ਕਿ ਹਨੀ ਕੋਲ 10 ਕਰੋੜ ਕਿੱਥੋਂ ਆਏ।