ਕਿਸ ਦੌਰ ਦੀ ਗੱਲ ਕਰੀਏ ਜਦੋਂ ਅਸੀਂ ਕਦੇ ਬਿਰਹੋਂ ਦੀ ਅੱਗ ਵਿੱਚ ਸੜ੍ਹਦਾ ਕਦੇ ਕੋਈ ਪਰਵਾਨਾ ਹੀ ਨਹੀਂ ਵੇਖਿਆ, ਪਰ ਗੱਲ ਇਹ ਵੀ ਹੈ ਕਿ ਵੇਖੀਏ ਵੀ ਕਿਸ ਤਰ੍ਹਾਂ ਅਸੀਂ ਅਜੇ ਤੱਕ ਇਹੋ ਜਿਹੀ ਦੂਰਦ੍ਰਿਸ਼ਟੀ ਦੇ ਮਾਲਕ ਹੀ ਨਹੀਂ ਬਣ ਸਕੇ ਕਿ ਅਸੀਂ ਅਜਿਹਾ ਕੁਝ ਸੋਚਣ ਦੇ ਕਾਬਲ ਵੀ ਹੋ ਸਕੀਏ। ਆਦਮੀ ਫਜ਼ੂਲ ਦੀ ਜੱਕੋ-ਤੱਕੀ ਵਿੱਚ ਇਸ ਕਦਰ ਮਸ਼ਗੂਲ ਹੈ ਕਿ ਉਹ ਆਪਣੇ ਆਪੇ ਨੂੰ ਸਮਝਣ ਵਿੱਚ ਵੀ ਅਜੇ ਬੇਸਮਝ ਜਿਹਾ ਪ੍ਰਤੀਤ ਹੁੰਦੈ। ਰੰਗੀਨੀਆਂ ਨਾਲ ਭਰੀ ਇਸ ਧਰਤ ਤੋਂ ਪਰੇ ਹੋਰ ਕਿਸੇ ਗ੍ਰਹਿ ਦੀ ਅਸੀਂ ਉਦਾਹਰਣ ਵੀ ਨਹੀਂ ਦੇ ਸਕਦੇ ਜਿੱਥੇ ਕਿਤੇ ਅਸੀਂ ਆਪਣੇ ਜਾਇਆ ਦੀ ਧਰਾਤਲੀ ਨੂੰ ਪਛਾੜ ਕੇ ਕਿਸੇ ਅਨੋਖੇ ਸੁੱਖ ਦੀ ਕਾਮਨਾ ਵੀ ਕਰ ਸਕੀਏ। ਪਹਿਲ ਤਾਂ ਇਹ ਹੋਣੀ ਚਾਹੀਦੀ ਕਿ ਜਿਸ ਕੁੱਖ ਨੇ ਇਹ ਜੀਵਨ ਦਿੱਤਾ ਉਸ ਨੂੰ ਭੁੱਲਣਾ ਤੇ ਉਸ ਬਾਬਤ ਬੇਤੁਕੀਆਂ ਬਾਤਾਂ ਪਾਉਣੀਆਂ ਸਮਝੋ ਬਾਹਰ ਤਾਂ ਕੀ ਕਹੀਏ ਸਗੋਂ ਸਾਨੂੰ ਇਹ ਲਾਹਨਤਾਂ ਪਾਉਂਦੀ ਨਜ਼ਰੀਂ ਆਉਂਦੀ ਹੈ। ਕੁੱਲ ਦੁਨੀਆਂ ਤੇ ਇਸ ਗਲਤਫਹਿਮੀ ਦਾ ਸ਼ਿਕਾਰ ਬਹੁਤ ਘੱਟ ਜਾਏ ਹੋਣਗੇ ਜਿਹੜੇ ਆਪਣੀ ਜਨਮਭੂਮੀ ਨੂੰ ਕਦੇ ਦਰਕਾਰਦੇ ਹੋਣਗੇ।
ਬਹੁਤਿਆਂ ਦੀ ਨਾ ਵੀ ਸੁਣੀਏ ਤਾਂ ਵੀ ਦਿਨ ਵਿੱਚ ਦੋ-ਚਾਰ ਜਣਿਆਂ ਤੋਂ ਲੋਕਾਈ ਵਿੱਚ ਵਿਚਰਦਿਆਂ ਇਹ ਸੁਣਨ ਨੂੰ ਅਕਸਰ ਮਿਲ ਹੀ ਜਾਂਦਾ ਹੈ ਕਿ ਭਾਈ ਇੱਥੇ ਤਾਂ ਮੇਰੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਹੀ ਜਾਪਦਾ ਹੈ ਇਸ ਲਈ ਮੈਂ ਤਾਂ ਉਹਨਾਂ ਨੂੰ ਬਾਰ੍ਹਵੀਂ ਜਮਾਤ ਤੋਂ ਬਾਅਦ ਪੜ੍ਹਣ ਲਈ ਵਿਦੇਸ਼ ਭੇਜਣਾ ਹੈ ਭਾਵ ਕਿ ਆਈਲੈਟਸ ਦੇ ਰਾਹੇ ਪਾਉਣਾ ਹੈ ਤੇ ਫਿਰ ਸਾਥੋਂ ਕੋਹਾਂ ਦੂਰ ਆਪਣੀ ਵਿਰਾਸਤ ਤੋਂ ਦੂਰ ਆਪੇ ਕਮਾਉਣ ਤੇ ਆਪੇ ਪੜ੍ਹਣ। ਪਰ ਕਿਵੇਂ ਕੋਈ ਆਪਣੇ ਜੰਮਿਆਂ ਨੂੰ ਇੰਨੀ ਦੂਰ ਪਰਦੇਸੀਂ ਭੇਜਣ ਲਈ ਇਹ ਸਭ ਸੋਚਣ ਲਈ ਝੱਟਪੱਟ ਹੀ ਰਾਜ਼ੀ ਹੋ ਜਾਂਦਾ ਹੈ ਤੇ ਆਖਰਕਾਰ ਮਾਂ ਕਿਵੇਂ ਆਪਣੇ ਦੁੱਧ-ਪੁੱਤਰ ਨੂੰ ਆਪਣੇ ਤੋਂ ਦੂਰ ਕਰਨ ਲਈ ਰਾਜ਼ੀ ਹੋ ਜਾਂਦੀ ਹੈ? ਮੈਂ ਇਸ ਨਤੀਜੇ ਬਾਰੇ ਪਹਿਲਾਂ ਖਿਆਲ ਕਰਦਾ ਕਿਉਂ ਜਿੰਦ ਦੇ ਟੁਕੜੇ ਨੂੰ ਉਦੋਂ ਆਪਣੀਆਂ ਅੱਖਾਂ ਤੋਂ ਉਹਲੇ ਹੋਣ ਦਿੱਤਾ। ਇਹ ਸਭ ਜ਼ਿਹਨ ਵਿੱਚ ਉਦੋਂ ਸੋਚਦਾ ਹੈ ਜਦੋਂ ਸੱਤ ਸਮੁੰਦਰੋਂ ਦੂਰ ਸਾਡੇ ਜਾਇਆਂ ਦੀ ਕੋਈ ਮਨਹੂਸ ਖਬਰ ਸਾਡੇ ਕੰਨੀਂ ਆ ਪੈਂਦੀ ਹੈ। ਸੋਚਾਂ ਵਿੱਚ ਚੁੱਭੀਆਂ ਲਾਉਂਦਾ ਫਿਰ ਦਿਮਾਗ ਵਿੱਚ ਹਵਾਈਆਂ ਉਡਾਉਂਦਾ ਹੈ ਤੇ ਸੋਚਦੈ ਕਾਸ਼…………!
ਅਖਬਾਰਾਂ ਦੀਆਂ ਸੁਰਖੀਆਂ ਤੇ ਸੋਸ਼ਲ ਮੀਡੀਆ ਵਿੱਚ ਚਿੱਟੇ ਦੁੱਧ ਵਰਗਾ ਸੱਚ ਵਿਖਾਉਣ ਵਾਲੀਆਂ ਖਬਰਾਂ ਜਦੋਂ ਪੜ੍ਹੀਆਂ ਸੁਣੀਆਂ ਜਾਂਦੀਆਂ ਹਨ ਤਾਂ ਸਹਿਜੇ ਹੀ ਮਨ ਵਿੱਚ ਖਿਆਲ ਆਉਂਦਾ ਹੈ ਕਿ ਵਾਕਿਆ ਹੀ ਸਾਡੀਆਂ ਧੀਆਂ-ਭੈਣਾਂ ਨਾਲ ਸੱਤ ਸਮੁੰਦਰ ਪਾਰ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ ਤੇ ਕੀ ਸੱਚਮੁੱਚ ਆਪਣੀ ਮਾਂ ਕੋਲ ਮਖਮਲ ਦੀ ਰਜ਼ਾਈ ਵਿੱਚ ਲਿਪਟ ਕੇ ਰਹਿਣ ਵਾਲੀਆਂ ਸਾਡੀਆਂ ਨਾਜ਼ੁਕ ਆਂਦਰਾਂ ਵਰਗੀਆਂ ਨੂੰ ਜੰਗਲਾਂ ਵਿੱਚ ਭਟਕਣਾ ਪੈਂਦਾ ਹੈ ਜਾਂ ਫਿਰ ਦੋ ਵਕਤ ਦੀ ਰੋਟੀ ਖਾਤਰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਜਰਨੇ ਪੈਂਦੇ ਹਨ ਤੇ ਕੀ ਵਾਕਿਆ ਉਨ੍ਹਾਂ ਨੂੰ 16-16 ਘੰਟੇ ਕੰਮ ਵਿੱਚ ਸਿਰ ਜੁਟਾਉਣਾ ਪੈਂਦਾ ਹੈ।
ਮੈਂ ਨਹੀਂ ਸਮਝਦਾ ਕਿ ਵਤਨੋਂ ਦੂਰ ਜਾਣਾ ਕਿਸੇ ਬਹੁਤ ਵੱਡੀ ਮਜਬੂਰੀ ਦੀ ਉਪਜ ਹੈ ਸ਼ਾਇਦ ਜਾਂ ਤਾਂ ਇਹ ਅਥਾਹ ਮਾਇਆ ਦੀ ਭੁੱਖ ਦਾ ਕਾਰਨ ਹੋ ਸਕਦਾ ਹੈ ਜਾਂ ਆਪਣਿਆਂ ਨੂੰ ਜਾਣ-ਬੁੱਝ ਕੇ ਛੱਡ ਕੇ ਪਰਾਇਆਂ ਦੇ ਦੇਸ ਜਾ ਕੇ ਫਿਰੰਗਸਾਜ਼ੀ ਵਿੱਚ ਰੰਗੇ ਜਾਣ ਦੀ ਫਿਤਰਤ ਹੋ ਸਕਦੀ ਹੈ। ਦੌਰ-ਏ-ਆਈਲੈਟਸ ਦੀ ਗੱਲ ਕਰਾਂ ਤਾਂ ਸ਼ਰਮ ਆਉਂਦੀ ਹੈ ਕਿ ਮੇਰੇ ਸੋਹਣੇ ਪੰਜਾਬ ਦੀ ਸਰਜ਼ਮੀਨ ਅਜੇ ਤੱਕ ਇਸ ਦੇ ਕਾਬਿਲ ਕਿਉਂ ਨਹੀਂ ਬਣ ਸਕੀ ਕਿ ਉਹ ਆਪਣੀ ਔਲਾਦ ਨੂੰ ਮਨਭਾਉਂਦਾ ਸੁੱਖ, ਪਿਆਰ ਦੇਣ ਦੇ ਨਾਲ-ਨਾਲ ਉਸ ਦੀਆਂ ਦੁਨਿਆਵੀ ਲੋੜਾਂ ਵੀ ਪੂਰੀਆਂ ਵੀ ਨਹੀਂ ਕਰ ਸਕਦੀ। ਇਸ ਦਾ ਸਪੱਸ਼ਟ ਕਾਰਨ ਜੋ ਸਾਡੇ ਸਭ ਦੇ ਮਨ ਵਿੱਚ ਯਕਦਮ ਉੱਭਰ ਕਿ ਸਾਹਮਣੇ ਆਉਂਦਾ ਹੈ ਉਹ ਤਾਂ ਇਹੀ ਹੋਵੇਗਾ ਕਿ ਅਜੋਕੀਆਂ ਸਰਕਾਰਾਂ ਦੀਆਂ ਨੌਜਵਾਨਾਂ ਦੀ ਜੀਵਨ ਵਿਉਂਤ ਦੇ ਉਲਟ ਨੀਤੀਆਂ ਨੂੰ ਹੋਂਦ ਵਿੱਚ ਲਿਆਉਣਾ ਤੇ ਨਾਲ ਹੀ ਨੌਜਵਾਨ ਪੀੜੀ ਦਾ ਸਰਕਾਰਾਂ ਪ੍ਰਤੀ ਬੇਵਿਸ਼ਵਾਸੀ ਦਾ ਰੁਝਾਨ। ਪਰ ਇਕੱਲਾ ਦੋਸ਼ ਅਸੀਂ ਸਰਕਾਰੀ ਤੰਤਰ ਨੂੰ ਵੀ ਨਹੀਂ ਦੇ ਸਕਦੇ ਕਿਉਂਕਿ ਦੁਨੀਆ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਅਸੀਂ ਖੁਦ ਵੀ ਹਾਂ ਤੇ ਫਿਰ ਇਹਨਾਂ ਜਾਇਆਂ ਦਾ ਫਿਕਰ ਕੀ ਅਸੀਂ ਨਹੀਂ ਕਰਦੇ ਜਾਂ ਫਿਰ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਦੇਸ਼ ਵਿੱਚ ਹੀ ਕਾਮਯਾਬ ਹੁੰਦਿਆਂ ਅਸੀਂ ਦੇਖ ਨਹੀਂ ਸਕਦੇ……ਇਹ ਸਵਾਲ ਕਿੰਨਾ ਕੁ ਜਾਇਜ਼ ਹੈ? ਇਸ ਤੇ ਸੋਚ-ਵਿਚਾਰ ਕਰਨਾ ਵੀ ਆਧੁਨਿਕ ਵਿਚਾਰ ਚਰਚਾ ਦਾ ਇੱਕ ਅਹਿਮ ਹਿੱਸਾ ਹੈ।
ਇੰਸ. ਗੁਰਪ੍ਰੀਤ ਸਿੰਘ ਚੰਬਲ, ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ
98881-40052