ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਦਿਲੀਪ ਗਾਂਧੀ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ। ਉਹ ਕੁਝ ਹੀ ਦਿਨ ਪਹਿਲਾਂ ਉਨ੍ਹਾਂ ਦਾ ਕੋਵਿਡ-19 ਟੈਸਟ ਹੋਇਆ ਸੀ, ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਦਿਲੀਪ ਗਾਂਧੀ 69 ਸਾਲ ਦੇ ਸਨ।
ਉਹ ਅਹਿਮਦਨਗਰ ਲੋਕ ਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦ ਮੈਂਬਰ ਰਹਿ ਚੁੱਕੇ ਸਨ। ਉਨ੍ਹਾਂ ਨੇ ਬੁੱਧਵਾਰ ਸਵੇਰੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਸ਼ੁਰੂਆਤ ਵਿੱਚ ਉਨ੍ਹਾਂ ਨੇ ਇੱਕ ਨਗਰਸੇਵਕ ਦੇ ਰੂਪ ਵਿੱਚ ਅਹਿਮਦਨਗਰ ਨਗਰ ਨਿਗਮ ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਨਗਰ ਕੌਂਸਲ ਵਿੱਚ ਭਾਜਪਾ ਦੇ ਨੇਤਾ ਬਣੇ। 1985 ਵਿੱਚ ਉਹ ਅਹਿਮਦਨਗਰ ਨਗਰ ਨਿਗਮ ਦੇ ਉਪ ਪ੍ਰਧਾਨ ਚੁਣੇ ਗਏ। ਭਾਜਪਾ ਦੇ ਅਹਿਮਦਨਗਰ ਜ਼ਿਲ੍ਹਾ ਸੰਗਠਨ ਵਿੱਚ ਉਨ੍ਹਾਂ ਨੇ ਜਨਰਲ ਸਕੱਤਰ, ਸੰਯੁਕਤ ਸਕੱਤਰ ਅਤੇ ਪ੍ਰਧਾਨ ਜਿਹੇ ਮਹੱਤਵਪੂਰਨ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ।