Home ਸਾਹਿਤਕ ਸੋਚਣਾ ਤੇ ਸਮਝਣਾ ਬਹੁਤ ਜ਼ਰੂਰੀ ਹੈ

ਸੋਚਣਾ ਤੇ ਸਮਝਣਾ ਬਹੁਤ ਜ਼ਰੂਰੀ ਹੈ

0
ਸੋਚਣਾ ਤੇ ਸਮਝਣਾ ਬਹੁਤ ਜ਼ਰੂਰੀ ਹੈ

ਵਿਕਾਸ ਦੀ ਗੱਲ ਕਰਨ ਅਤੇ ਸੁਣਨ ਨੂੰ ਹੁਣ ਨਾ ਦਿਲ ਕਰਦਾ ਹੈ ਅਤੇ ਨਾ ਵਿਕਾਸ ਦੀ ਪ੍ਰੀਭਾਸ਼ਾ ਸਮਝ ਆ ਰਹੀ ਹੈ। ਹਰ ਰੋਜ਼ ਵੱਧਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਘਰ ਚਲਾਉਣਾ ਔਖੇ ਕਰ ਦਿੱਤੇ ਹਨ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਵਾਧਾ ਮਤਲਬ ਹਰ ਚੀਜ਼ ਦੀ ਕੀਮਤ ਆਪਣੇ ਆਪ ਵਧਣਾ। ਜਦੋਂ ਗੈਸ ਸਲੈਂਡਰ ਦੀ ਕੀਮਤ ਵੱਡੀ ਪੁਲਾਂਘ ਪੁੱਟੇ ਤਾਂ ਵਿਕਾਸ ਦੀ ਗੱਲ ਕਰਨੀ ਸਮਝੋ ਬਾਹਰ ਹੈ।
ਇਵੇਂ ਲੱਗਦਾ ਹੈ ਜਿਵੇਂ ਅਸੀਂ ਸਰਕਾਰ ਆਪਣੇ ਆਪ ਨੂੰ ਪ੍ਰੇਸ਼ਾਨ ਕਰਨ ਲਈ ਚੁਣੀ ਹੈ। ਟੈਕਸਾਂ ਦੀ ਸਮਝ ਨਹੀਂ ਆ ਰਹੀ, ਨਵਾਂ ਨਾਮ ਦੇਕੇ ਜਨਤਾ ਦੀ ਜੇਬ ਵਿੱਚੋਂ ਪੈਸਾ ਕੱਢਵਾ ਲਿਆ ਜਾਂਦਾ ਹੈ। ਵਿਕਾਸ ਨਾ ਦੇਸ਼ ਦਾ ਹੋ ਰਿਹਾ ਹੈ ਅਤੇ ਨਾ ਲੋਕਾਂ ਦਾ।ਵਿਕਾਸ ਸਿਰਫ਼ ਤੇ ਸਿਰਫ ਕੁੱਝ ਇਕ ਅਮੀਰ ਲੋਕਾਂ ਦਾ ਹੋ ਰਿਹਾ ਹੈ। ਖੈਰ, ਮੈਂ ਅੱਜ ਜਿੰਨਾਂ ਦੀ ਗੱਲ ਕਰਨ ਲੱਗੀ ਹਾਂ, ਉਹ ਨੇ ਕਿਸਾਨ।
ਤਕਰੀਬਨ ਛੇ ਮਹੀਨਿਆਂ ਤੋਂ ਘਰੋਂ ਬੇਘਰ ਕੀਤੇ ਹੋਏ ਨੇ ਸਰਕਾਰ ਦੇ ਬਣਾਏ ਤਿੰਨ ਕਿਸਾਨ ਕਾਨੂੰਨਾਂ ਨੇ। ਪਿਛਲੇ ਸਾਲ ਦੀ ਪੂਰੀ ਗਰਮੀ ਰੇਲਵੇ ਲਾਈਨਾਂ ਤੇ ਨਿਕਲ ਗਈ ਉਨ੍ਹਾਂ ਦਾ ਇੰਨੀ ਗਰਮੀ ਵਿੱਚ ਬੈਠਣਾ, ਵਾਤਾਵਰਨ ਅਨੁਕੂਲ ਦਫਤਰਾਂ ਵਿੱਚ ਬੈਠਿਆ ਨੂੰ ਵਿਖਾਈ ਹੀ ਨਹੀਂ ਦਿੱਤਾ। ਜਦੋਂ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਦਿੱਲੀ ਜਾਕੇ ਆਪਣੀ ਗੱਲ ਸੁਨਾਉਣ ਦਾ ਫੈਸਲਾ ਲੈ ਲਿਆ। ਹਰਿਆਣਾ ਸਰਕਾਰ ਦੀਆਂ ਰੋਕਾਂ ਨੂੰ ਹਟਾਉਂਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਜਾ ਪਹੁੰਚੇ ਪਰ ਕੇਂਦਰ ਸਰਕਾਰ ਨੇ ਦਿੱਲੀ ਦੇ ਦਰਵਾਜ਼ੇ ਕਿਸਾਨਾਂ ਲਈ ਬੰਦ ਕਰ ਦਿੱਤੇ। ਕਿਸਾਨਾਂ ਨੇ ਉੱਥੇ ਹੀ ਰੁੱਕਣ ਦਾ ਫੈਸਲਾ ਲੈ ਲਿਆ। ਟਰਾਲੀਆਂ ਵਿੱਚ ਰਾਸ਼ਨ ਅਤੇ ਬਾਕੀ ਲੋੜੀਂਦਾ ਸਮਾਨ ਸੀ।ਠੰਡ ਦੇ ਮੌਸਮ ਦੀ ਸ਼ੁਰੂਆਤ ਸੀ।ਲੰਗਰ ਸ਼ੁਰੂ ਹੋ ਗਏ ਅਤੇ ਆਪਣੇ ਰਹਿਣ ਲਈ ਲੋੜੀਂਦੇ ਪ੍ਰਬੰਧ ਸ਼ੁਰੂ ਹੋ ਗਏ।
ਜਦੋਂ ਕਿਸਾਨਾਂ ਨੂੰ ਟਰਾਲੀਆਂ ਦੇ ਹੇਠਾਂ ਸੁੱਤੇ ਵੇਖਦਾ ਹੈ।ਤਰਪਾਲਾਂ ਦੀਆਂ ਝੁੱਗੀਆਂ, ਛੱਪਰ, ਝੌਂਪੜੀਆਂ ਅਤੇ ਤੰਬੂਆਂ ਵਿੱਚ ਬੈਠੇ ਵੇਖਦਾ ਹੈ ਤਾਂ ਤਕਲੀਫ਼ ਹੁੰਦੀ ਹੈ ਕਿ ਇਹ ਚੰਗੇ ਭਲੇ ਘਰਾਂ ਕੋਠੀਆਂ ਵਾਲੇ ਨੇ ਅਤੇ ਸਰਕਾਰ ਦੇ ਵਿਕਾਸ ਨੇ ਇੰਨਾ ਨੂੰ ਸੜਕਾਂ ਤੇ ਤਰਪਾਲਾਂ ਹੇਠਾਂ ਲੈ ਆਂਦਾ। ਉਸ ਤੋਂ ਵੀ ਵੱਧ ਸਰਕਾਰ ਦੀ ਬੇਰੁਖ਼ੀ ਕੀ ਹੋ ਸਕਦੀ ਹੈ ਕਿ ਉਹ ਇੰਨਾ ਦੀਆਂ ਤਕਲੀਫ਼ਾਂ ਨੂੰ ਮਹਿਸੂਸ ਹੀ ਨਹੀਂ ਕਰਦੀ।ਸਾਡੇ ਸਾਰਿਆਂ ਲਈ ਇਹ ਸੋਚਣ ਅਤੇ ਸਮਝਣ ਦਾ ਵੇਲਾ ਹੈ। ਇਹ ਸਰਕਾਰ ਅਸੀਂ ਚੁਣੀ ਹੈ। ਸਾਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਜ਼ਰੂਰ ਮਾਰਨਾ ਚਾਹੀਦਾ ਹੈ। ਅਸੀਂ ਕਿੱਥੇ ਅਤੇ ਕਿਵੇਂ ਦੀਆਂ ਗਲਤੀਆਂ ਕਰਦੇ ਹਾਂ। ਵਾਹ ਸਰਕਾਰਾਂ ਵਾਰੇ ਵਾਰੇ ਜਾਈਏ ਤੇਰੇ ਵਿਕਾਸ ਦੇ।ਜੇਕਰ ਇਵੇਂ ਹੀ ਵਿਕਾਸ ਦੀ ਰਫ਼ਤਾਰ ਰਹੀ ਤਾਂ ਜਿਥੋਂ ਭੁੱਖਿਆਂ ਅਤੇ ਨੰਗਿਆਂ ਤੋਂ ਸ਼ੁਰੂ ਹੋਏ ਸੀ ਉੱਥੇ ਹੀ ਪਹੁੰਚ ਜਾਵਾਂਗੇ।
ਵੋਟ ਦੀ ਕੀਮਤ ਸਮਝੋ। ਉਮੀਦਵਾਰ ਦਾ ਪੂਰਾ ਕੱਪੜਸ਼ਾਨ ਕਰੋ।ਛੋਟੇ ਛੋਟੇ ਲਾਲਚ ਤੋਂ ਉੱਪਰ ਉੱਠ ਕੇ ਚੰਗੇ ਉਮੀਦਵਾਰ ਨੂੰ ਵੋਟ ਦਿਉ। ਜਿਹੜੀ ਹਾਲਤ ਸਾਡੀ ਅੱਜ ਹੋਈ ਹੈ ਉਸ ਵਿੱਚ ਦੋਸ਼ੀ ਅਸੀਂ ਵੀ ਹਾਂ। ਆਪਣੇ ਆਪ ਨੂੰ ਉਸ ਗੁਨਾਹ ਤੋਂ ਬਰੀ ਕਰਨਾ ਮਤਲਬ ਅਸੀਂ ਦੁਬਾਰਾ ਗਲਤੀ ਕਰਾਂਗੇ। ਇਹ ਅੰਦੋਲਨ ਸਾਨੂੰ ਬਹੁਤ ਕੁੱਝ ਸਮਝਾ ਰਿਹਾ ਹੈ। ਸਾਨੂੰ ਨਵੀਂ ਸ਼ੁਰੂਆਤ ਲਈ ਜਗਾ ਰਿਹਾ ਹੈ।
– ਪ੍ਰਭਜੋਤ ਕੌਰ ਢਿੱਲੋਂ,
ਮੋਹਾਲੀ
98150-30221