ਨਵੀਂ ਦਿੱਲੀ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੇ ਕੇਸ ਇੱਕ ਵਾਰ ਮੁੜ ਵਧਣ ਲੱਗ ਪਏ ਹਨ, ਉੱਥੇ ਦੂਜੇ ਪਾਸੇ ਇਸ ਮਹਾਂਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਦੇਣ ਦੀ ਕਵਾਇਦ ਵੀ ਤੇਜ਼ੀ ਨਾਲ ਚੱਲ ਰਹੀ ਹੈ। ਪਿਛਲੇ ਦਿਨੀਂ ਕਈ ਬਾਲੀਵੁਡ ਸਿਤਾਰਿਆਂ ਨੇ ਕੋਰੋਨਾ ਵੈਕਸੀਨ ਲੈਣ ਬਾਅਦ ਆਪਣੀ ਫੋਟ ਸ਼ੇਅਰ ਕਰਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ ਸੀ। ਹੁਣ ਇਸ ਕਤਾਰ ਵਿੱਚ ਬਾਲੀਵੁਡ ਅਦਾਕਾਰ ਸੰਜੇ ਦੱਤ ਦਾ ਨਾਮ ਵੀ ਜੁੜ ਗਿਆ ਹੈ। ਉਨ੍ਹਾਂ ਨੇ ਖੁਦ ਫੋਟੋ ਸਾਂਝੀ ਕਰਕੇ ਕੋਰੋਨਾ ਵੈਕਸੀਨ ਲੈਣ ਦੀ ਜਾਣਕਾਰੀ ਦਿੱਤੀ ਹੈ।
ਸੰਜੇ ਦੱਤ ਨੇ ਫੋਟੋ ਦੇ ਨਾਲ ਹੀ ਮੈਡੀਕਲ ਟੀਮ ਨੂੰ ਵੀ ਇਸ ਕੰਮ ਲਈ ਵਧਾਈ ਦਿੱਤੀ ਹੈ। ਅਦਾਕਾਰ ਨੇ ਟਵੀਟ ਕੀਤਾ ਕਿ ਬੀਕੇਸੀ ਵੈਕਸੀਨ ਸੈਂਟਰ ਵਿੱਚ ਉਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ। ਇਸ ਦੇ ਲਈ ਉਨ੍ਹਾਂ ਨੇ ਡਾਕਟਰਾਂ ਦੀ ਟੀਮ ਨੂੰ ਵੀ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ ਹੈ।
ਸੰਜੇ ਦੱਤ ਤੋਂ ਪਹਿਲਾਂ ਸੈਫ਼ ਅਲੀ ਖਾਨ, ਸ਼ਰਮਿਲਾ ਟੈਗੋਰ, ਨੀਨਾ ਗੁਪਤਾ, ਧਰਮਿੰਦਰ, ਕਮਲ ਹਾਸਨ, ਹੇਮਾ ਮਾਲਨੀ, ਅਨੁਪਮ ਖੇਰ, ਗਜਰਾਜ ਰਾਓ, ਨਾਗਾਰਜੁਨ ਸਣੇ ਕਈ ਹੋਰ ਪ੍ਰਸਿੱਧ ਹਸਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਲੌਕਡਾਊਨ ਦੌਰਾਨ ਸੰਜੇ ਦੱਤ ਨੂੰ ਕੈਂਸਰ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸਲਾਮਤੀ ਲਈ ਲੋਕਾਂ ਨੇ ਕਾਫ਼ੀ ਦੁਆਵਾਂ ਕੀਤੀਆਂ ਸਨ। ਸੰਜੇ ਨੇ ਆਪਣੇ ਮੈਡੀਕਲ ਇਲਾਜ ਲਈ ਬਰੇਕ ਵੀ ਲਿਆ ਸੀ। ਫਿਰ ਬਹੁਤ ਜਲਦ ਉਨ੍ਹਾਂ ਨੇ ਆਪਣਾ ਇਲਾਜ ਕਰਵਾਇਆ ਅਤੇ ਸਿਹਤਮੰਦ ਹੋ ਕੇ ਮੁੜ ਕੰਮ ’ਤੇ ਪਰਤ ਆਏ ਸਨ।