Home ਸਾਹਿਤਕ ਸੱਭਿਆਚਾਰ ਦੀ ਖ਼ੂਬਸੂਰਤ ਨਿਸ਼ਾਨੀ ਸੀ ਦਰੀ

ਸੱਭਿਆਚਾਰ ਦੀ ਖ਼ੂਬਸੂਰਤ ਨਿਸ਼ਾਨੀ ਸੀ ਦਰੀ

0
ਸੱਭਿਆਚਾਰ ਦੀ ਖ਼ੂਬਸੂਰਤ ਨਿਸ਼ਾਨੀ ਸੀ ਦਰੀ

ਪੰਜਾਬੀ ਸੱਭਿਆਚਾਰ ਦਾ ਸਾਗਰ ਇੰਨਾ ਵਿਸ਼ਾਲ ਹੈ ਕਿ ਇਸ ਦਾ ਤਾਲ ਨਹੀਂ ਪਾਇਆ ਜਾ ਸਕਦਾ। ਜਿਸ ਨੇ ਵੀ ਇਸ ਸਾਗਰ ਵਿੱਚ ਜਿੰਨੀ ਡੂੰਘੀ ਛਾਲ ਮਾਰੀ ਹੈ। ਉਹ ਓਨੀਆਂ ਹੀ ਨਿਆਮਤਾਂ ਇਸ ਵਿਚੋਂ ਕੱਢ ਲਿਆਇਆ ਹੈ। ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਜ਼ਿਹਨ ਵਿੱਚ ਸਿੱਧੇ ਸਾਦੇ ਮਿਹਨਤੀ ਪੇਂਡੂ ਜੀਵਨ ਦੀ ਤਸਵੀਰ ਆ ਜਾਂਦੀ ਹੈ। ਸਮਾਂ ਆਪਣੀ ਚਾਲ ਤੁਰਦਾ ਜਾ ਰਿਹਾ ਹੈ। ਪਰ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਮਹਿਸੂਸ ਹੋ ਰਿਹਾ ਹੈ, ਕਿ ਜਿਵੇਂ ਸਮੇਂ ਦੀ ਚਾਲ ਵਿੱਚ ਬਹੁਤ ਜ਼ਿਆਦਾ ਤੇਜ਼ੀ ਆ ਗਈ ਹੋਵੇ। ਥੋੜ੍ਹੇ ਜਿਹੇ ਸਮੇਂ ਵਿੱਚ ਹੀ ਏਨੀਆਂ ਜ਼ਿਆਦਾ ਤਬਦੀਲੀਆਂ ਆ ਗਈਆਂ ਹਨ।

ਪਹਿਲਾਂ ਤੱਕ ਤਾਂ ਇਹ ਤਸਵੀਰਾਂ ਸਾਫ ਸੀ ਪਰ ਜਦੋਂ ਸੰਸਾਰ ਮਾਧਿਅਮ ਵਿੱਚ ਕਾਂਤੀ ਆਈ ਇਸੇ ਤਸਵੀਰ ਉੱਪਰ ਇਨ੍ਹਾਂ ਘੱਟਾ ਪਿਆ ਹੈ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਪਛਾਣਨਾ ਔਖਾ ਹੋ ਗਿਆ ਹੈ। ਸਾਡੀਆਂ ਪੇਂਡੂ ਲੋਕ-ਕਲਾਵਾਂ ਨੱਕੋ-ਨੱਕ ਭਰੀਆਂ ਪਈਆਂ ਸਨ। ਪੁਰਾਣੇ ਸਮਿਆਂ ਵਿੱਚ ਪਿੰਡ ਦੀਆਂ ਸੁਆਣੀਆਂ ਘਰ ਦਾ ਕੰਮ-ਧੰਦਾ ਨਿਪਟਾ ਕੇ ਵਿਹਲੀਆਂ ਹੋ ਜਾਂਦੀਆਂ ਸਨ। ਕੋਈ ਫੁਲਕਾਰੀ ਕੱਢਣ ਲੱਗ ਪੈਂਦੀ, ਰੁਮਾਲ, ਪੱਖੀਆਂ, ਸਿਰਹਾਣੇ, ਚਾਦਰਾਂ ਅਤੇ ਕੋਈ ਦਰੀਆਂ ਬਣਾਉਣ ਵਿੱਚ ਜੁੱਟ ਜਾਂਦੀਆਂ ਸਨ। ਅੱਜ ਵਾਲੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ ਦਰੀਆਂ ਕਿਸ ਨੂੰ ਆਖਦੇ ਹਨ।ਦਰੀ ਮੋਟੇ ਕੱਪੜੇ ਨੂੰ ਆਖਦੇ ਹਨ।ਜੋ ਮੰਜੇ ਤੇ ਵਿਛਾਉਣ ਲਈ ਹੁੰਦੀ ਸੀ।

ਪੰਜਾਬੀ ਸੱਭਿਆਚਾਰ ਵਿੱਚ ਹੋਰ ਕਈ ਚੀਜ਼ਾਂ ਦੇ ਨਾਲ-ਨਾਲ ਦਰੀ ਦਾ ਵੀ ਬੜਾ ਢੁੱਕਵਾਂ ਤੇ ਡੂੰਘਾ ਸਥਾਨ ਰਿਹਾ ਹੈ। ਦਰੀ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਬੜੀ ਡੁੱਲ੍ਹ-ਡੁੱਲ੍ਹ ਕੇ ਪੈਂਦੀ ਸੀ। ਖੇਤਾਂ ਵਿੱਚ ਜਦੋਂ ਕਪਾਹ ਦੀਆਂ ਫੁੱਟੀਆਂ ਫੁੱਟਦੀਆਂ ਤਾਂ ਪੰਜਾਬੀ ਮੁਟਿਆਰਾਂ ਦਾ ਚਾਅ ਵੀ ਟਹਿਕਣ ਲੱਗ ਪੈਂਦਾ ਮੁਟਿਆਰਾਂ ਵੱਲੋਂ ਚਾਵਾਂ-ਮਹਿਲਾਵਾਂ ਨਾਲ ਖੇਤਾਂ ਵਿੱਚੋਂ ਕਪਾਹ ਨੂੰ ਚੁਗ ਲਿਆ ਜਾਂਦਾ ਸੀ।ਕਪਾਹ ਤੋਂ ਰੂੰ ਅਲੱਗ ਤੇ ਵੇਲਣੇ ਦੀ ਮੱਦਦ ਨਾਲ ਵੜੇਵੇਂ ਅਲੱਗ ਕੀਤੇ ਜਾਂਦੇ ਸਨ।ਰੂੰ ਨੂੰ ਪਿੰਜ ਕੇ ਪਹਿਲਾਂ ਰੂੰ ਦੀਆਂ ਕੰਨੇ ਦੀ ਮੱਟੀ ਨਾਲ ਪੂਣੀਆਂ ਵੱਟੀਆਂ ਜਾਂਦੀਆਂ ਸਨ।

ਉਨ੍ਹਾਂ ਪੂਣੀਆਂ ਨੂੰ ਸੁਆਣੀਆਂ ਚਰਖੇ ਉੱਪਰ ਕੱਤ ਕੇ ਗਲੋਟੇ ਬਣਾਉਂਦੀਆਂ ਸਨ।ਗਲੋਟਿਆਂ ਨੂੰ ਅਟੇਰਨੇ ਉੱਪਰ ਵਲ ਕੇ ਅੱਟੀਆਂ ਬਣਾਈਆਂ ਜਾਂਦੀਆਂ ਸਨ।ਅਟੇਰਨ ਉੱਪਰ ਰੰਗ ਬਰੰਗਾ ਸੂਤ ਲਪੇਟਿਆ ਬਹੁਤ ਹੀ ਸੋਹਣਾ ਲੱਗਦਾ ਸੀ।ਅਟੇਰਨ ਗਲੋਟਿਆਂ ਤੋਂ ਅੱਟੀਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਇੱਕ ਲੱਕੜ ਦਾ ਸੰਦ ਹੁੰਦਾ ਸੀ। ਅਟੇਰਨ ਤਿੰਨ ਡੰਡੀਆਂ ਦਾ ਬਣਿਆ ਹੁੰਦਾ ਸੀ।ਇਨ੍ਹਾਂ ਤਿੰਨਾਂ ਡੰਡੀਆਂ ਨੂੰ ਗੂਹੀਆਂ ਆਖਦੇ ਸਨ। ਅਟੇਰਨ ਤੋਂ ਬਾਅਦ ਫਿਰ ਇਨ੍ਹਾਂ ਅੱਟੀਆਂ ਨੂੰ ਊਰੀ ਉੱਪਰ ਚੜ੍ਹਾ ਕੇ ਸੂਤ ਨੂੰ ਊਰੀ ਦੀ ਵਰਤੋਂ ਸੂਤ ਦੀਆਂ ਅੱਟੀਆਂ ਬਨਾਉਣ ਲਈ ਕੀਤੀ ਜਾਂਦੀ ਸੀ।ਇਹ ਗੋਲ ਚਰਖੜੀ ਹੁੰਦੀ ਹੈ।ਇਸ ਦੇ ਉੱਪਰ ਸੂਤ ਦੀਆਂ ਅੱਟੀਆਂ ਚੜ੍ਹਾ ਕੇ ਇਸ ਨੂੰ ਦੂਹਰਾ-ਤੀਹਰਾ ਜਾਂ ਚਾਰ ਲੜਾ ਕਰਕੇ ਦਰੀਆਂ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ।

ਕੱਤੇ ਹੋਏ ਸੂਤ ਨੂੰ ਵੱਖ-ਵੱਖ ਰੰਗਾਂ ਨਾਲ ਰੰਗਿਆ ਜਾਂਦਾ ਸੀ। ਦਰੀਆਂ ਬਣਾਉਣ ਲਈ ਲੱਕੜ ਦੇ ਮੰਜੇ ਦੇ ਵਰਗਾ ਇਕ ਵੱਡਾ ਚੌਰਸ ਢਾਂਚਾ ਬਣਾਇਆ ਜਾਂਦਾ ਸੀ।ਜਿਸ ਨੂੰ ਅੱਡਾ ਆਖਦੇ ਸਨ। ਦਰੀ ਦਾ ਅੱਡੇ ਦੇ ਚਾਰ ਪਾਵਿਆਂ ਨੂੰ ਧਰਤੀ ਵਿੱਚ ਗੱਡ ਕੇ ਅੱਗੇ ਅਤੇ ਪਿਛਲੇ ਪਾਸੇ ਬਾਂਸ ਜਾਂ ਬਾਲੇ ਰੱਸੀ ਨਾਲ ਬੰਨ੍ਹ ਲਏ ਜਾਂਦੇ ਸਨ। ਉਨ੍ਹਾਂ ਉੱਤੇ ਪੁਰਾਣਾ ਕੱਪੜਾ ਵਲ੍ਹੇਟਿਆ ਜਾਂਦਾ ਸੀ, ਤਾਂ ਕਿ ਧਾਗੇ ਨੂੰ ਲੱਕੜੀ ਦੀ ਘਾਸ ਵੱਜ ਕੇ ਟੁੱਟ ਨਾ ਸਕੇ। ਅੱਡੇ ਉੱਪਰ ਚਿੱਟੀ ਰੀਲ ਦੇ ਧਾਗੇ ਨਾਲ ਤਾਣਾ ਪਾਇਆ ਜਾਂਦਾ ਸੀ। ਤਾਣੇ ਦੀਆਂ ਘੁੰਡੀਆਂ ਇੱਕ ਲੋਹੇ ਦੀ ਸੀਖ ਉੱਪਰੋਂ ਦੀ ਪਾਈਆਂ ਜਾਂਦੀਆਂ ਸਨ।ਜਿਸ ਨੂੰ ਤਾਣਾ ਬੰਨ੍ਹਣਾ ਵੀ ਆਖਿਆ ਜਾਂਦਾ ਸਨ। ਲੋਹੇ ਦੀ ਸੀਖ ਅੱਡੇ ਦੇ ਆਸੇ ਪਾਸੇ ਇੱਟਾਂ ਰੱਖ ਕੇ ਉਹਦੇ ਉਪਰ ਰੱਖੀ ਜਾਂਦੀ ਸੀ। ਜਿਸ ਨੂੰ ਉੱਪਰ ਹੇਠ ਕਰਨ ਨਾਲ ਤਾਣਾ ਚਲਦਾ ਅਤੇ ਉਸ ਵਿੱਚੋਂ ਦੀ ਸੂਤ ਦੀਆਂ ਗੁੱਛੀਆਂ ਲੰਘਾਈਆਂ ਜਾਂਦੀਆਂ ਸਨ। ਜਿਸ ਨੂੰ ਸਨ ਆਖਦੇ ਸੀ।

ਦਰੀ ਬਣਾਉਣ ਵੇਲੇ ਦਰੀ ਦੀ ਚੁਰਾਈ ਬਰਾਬਰ ਰੱਖਣ ਲਈ ਪਣਖ ਦੀ ਵਰਤੋਂ ਕੀਤੀ ਜਾਂਦੀ ਸੀ।ਪਣਖ ਇੱਕ ਫੱਟੀ ਜੜੀ ਦੋਨਾਂ ਭਾਗਾਂ ਵਿਚ ਵੰਡੀ ਹੁੰਦੀ ਸੀ। ਹੁੰਦੀ ਸੀ ਜੋ ਦੋਨਾਂ ਪਾਸਿਆਂ ਤੋਂ ਬਰੀਕ ਅਤੇ ਸਿਰਿਆਂ ਤੇ ਕਿੱਲ ਲੱਗੇ ਹੁੰਦੇ ਸਨ। ਇਨ੍ਹਾਂ ਕਿੱਲਾਂ ਨੂੰ ਹੀ ਦਰੀ ਦੇ ਕਿਨਾਰਿਆਂ ਵਿਚ ਫਸਾ ਕੇ ਫੱਟੀਆਂ ਨੂੰ ਆਪਸ ਵਿੱਚ ਬੰਨ੍ਹਿਆ ਜਾਂ ਪੇਚ ਨਾਲ ਕੱਸਿਆ ਜਾਂਦਾ ਸੀ। ਦਰੀ ਨੂੰ ਬਣਾਉਣ ਵਿਚ ਉਂਗਲਾਂ ਅਤੇ ਹੱਥਾਂ ਦੀ ਬਹੁਤ ਕਸਰਤ ਹੁੰਦੀ ਸੀ।ਹੱਥੀਂ ਬਣਾਈਆਂ ਹੋਈਆਂ ਦਰੀਆਂ ਵਧੇਰੇ ਹੰਢਣਸਾਰ ਹੁੰਦੀਆਂ ਸਨ। ਦਰੀਆਂ ਬੁਣਨਾ ਪੰਜਾਬ ਦੀਆਂ ਪੇਂਡੂ ਔਰਤਾਂ ਦਾ ਸ਼ੌਕ ਹੁੰਦਾ ਸੀ। ਦਰੀ ਨੂੰ ਸਹੀ ਤਰ੍ਹਾਂ ਠੋਕਣ ਲਈ ਲੱਕੜ ਦੇ ਪੰਜੇ ਦੀ ਵਰਤੋਂ ਕੀਤੀ ਜਾਂਦੀ ਸੀ।

ਪੰਜਾ ਉਸ ਨੂੰ ਇਸ ਲਈ ਬੋਲਿਆ ਜਾਂਦਾ ਸੀ ਕਿ ਹੱਥ ਦੇ ਪੰਜੇ ਵਰਗਾ ਹੁੰਦਾ ਸੀ। ਜਿਸ ਵਿਚ ਪੰਜ ਜਾਂ ਸੱਤ ਕਿੱਲ ਲੱਗੇ ਹੁੰਦੇ ਸਨ।ਹੱਥੀ ਵਾਲੇ ਇਸ ਪੰਜੇ ਨੂੰ ਸੁਆਣੀਆਂ ਘੁੰਗਰੀਆਂ ਵੀ ਬੰਨ੍ਹ ਲੈਂਦੀਆਂ ਸਨ। ਦਰੀ ਨੂੰ ਠੋਕਣ ਵੇਲੇ ਇਨ੍ਹਾਂ ਦੀ ਆਵਾਜ਼ ਬਹੁਤ ਹੀ ਖੂਬਸੂਰਤ ਰਾਗ ਪੈਦਾ ਕਰਦੀ ਸੀ।ਦਰੀਆਂ ਦੇ ਸੂਤ ਉਪਰ ਸੁਆਣੀਆਂ ਬਹੁਤ ਮਿਹਨਤ ਕਰਦੀਆਂ ਸਨ।ਕਪਾਹ ਚੁਗ, ਸੁਕਾ ਕੇ ਪਿੰਜਣੀ ਫਿਰ ਇਸ ਦਾ ਸੂਤ ਕੱਤ ਕੇ ਉਸ ਨੂੰ ਚਾਰ ਤੰਦੀ ਕਰਕੇ ਰੰਗ ਰੰਗਿਆ ਜਾਂਦਾ ਸੀ।ਪਹਿਲਾਂ ਜਦੋਂ ਰੰਗ ਨਹੀਂ ਸਨ ਮਿਲਦੇ ਤਾਂ ਕਿੱਕਰ ਦੇ ਸੱਕਾਂ ਦਾ ਸੂਤ ਨੂੰ ਰੰਗ ਚਾਰਿਆ ਜਾਂਦਾ ਸੀ।
ਰੰਗ ਵਿਚ ਥੋੜ੍ਹਾ ਜਿਹਾ ਮੋਟਾ ਲੂਣ ਪਾਇਆ ਜਾਂਦਾ ਸੀ। ਜਿਸ ਨਾਲ ਰੰਗ ਪੱਕਾ ਰਹਿੰਦਾ ਸੀ। ਸੂਤ ਨੂੰ ਰੰਗ ਚਾਡ਼੍ਹਣ ਸਮੇਂ ਚਿੱਟੇ ਰੱਖੇ ਹੋਏ ਸੂਤ ਨੂੰ ਟੀਨੋਪਾਲ ਵੀ ਲਾਈ ਜਾਂਦੀ ਸੀ।ਰੰਗ ਕਰਨ ਤੋਂ ਬਾਅਦ ਕਈ ਸੁਆਣੀਆਂ ਠੰਢੀ ਸੁਆਹ ਵਿੱਚ ਸੂਤ ਨੂੰ ਦੱਬ ਦਿੰਦੀਆਂ ਸਨ ਤਾਂ ਕਿ ਰੰਗ ਹੋਰ ਪੱਕਾ ਹੋ ਸਕੇ।ਕਈ-ਕਈ ਦਿਨ ਸੂਤ ਦੀਆਂ ਅੱਟੀਆਂ ਲੱਛੇ ਸੁੱਕਦੇ ਰਹਿੰਦੇ ਸਨ।ਜਦੋਂ ਬਾਜ਼ਾਰਾਂ ਵਿਚੋਂ ਵੱਖ- ਵੱਖ ਰੰਗ ਮਿਲਣੇ ਸ਼ੁਰੂ ਹੋਏ ਤਾਂ ਦੋ ਕਿੱਲੋ ਸੂਤਰ ਨੂੰ ਪਾਈਆ-ਪਾਈਆ ਕਰ ਕੇ ਚਾਰ ਰੰਗ ਨਾਲ ਰੰਗਿਆ ਜਾਂਦਾ ਸੀ। ਇਕ ਦਰੀ ਨੂੰ ਪਾਇਆ ਚਿੱਟਾ ਤਾਣਾ ਅਤੇ ਦੋ ਕਿੱਲੋ ਸੂਤਰ ਲੱਗਦਾ ਹੁੰਦਾ ਸੀ।ਦਰੀ ਦੀ ਚੁੜਾਈ ਸਵਾ ਮੀਟਰ ਅਤੇ ਲੰਬਾਈ ਢਾਈ ਮੀਟਰ ਹੁੰਦੀ ਸੀ।

ਦਰੀ ਦੋ ਜਾਣੀਆਂ ਬਣਾਉਂਦੀਆਂ ਸਨ। ਚਾਰ-ਚਾਰ ਉਂਗਲਾਂ ਤਾਣਾ ਚੁੱਕ ਡੋਰੀ ਪਾਈ ਜਾਂਦੀ ਸੀ।ਪਹਿਲਾਂ ਥੋੜ੍ਹੀ ਜਿਹੀ ਦਰੀ ਪੀੜ੍ਹੀ ਜਾਂ ਫੱਟੀ ਤੇ ਬੈਠ ਕੇ ਬਣਾਈ ਜਾਂਦੀ ਫਿਰ ਉਸ ਤੋਂ ਬਾਅਦ ਇੱਕ ਦੋ ਗਿੱਠ ਬਣ ਜਾਂਦੀ ਤਾਂ ਅੱਡੇ ਤੇ ਆਸੇ-ਪਾਸੇ ਇੱਟਾਂ ਰੱਖ ਕੇ ਇਕ ਫੱਟਾ ਰੱਖਿਆ ਜਾਂਦਾ ਸੀ। ਜਿਸ ਉੱਤੇ ਬੈਠ ਕੇ ਦਰੀ ਅੱਗੇ ਬਣਦੀ ਸੀ।

ਔਰਤਾਂ ਵੱਲੋਂ ਦਰੀਆਂ ਉੱਪਰ ਕਈ ਤਰ੍ਹਾਂ ਦੇ ਨਮੂਨੇ ਪਾਏ ਜਾਂਦੇ ਸਨ।ਜਿਵੇਂ ਡੱਬੀਦਾਰ ਕਈਆਂ ਵਿਚ ਤੋਤੇ, ਘੁੱਗੀਆਂ, ਮੋਰ, ਘੋੜੇ, ਊਠ, ਬੱਤਖਾਂ, ਮੱਛੀਆਂ, ਤਿੱਤਲੀਆਂ, ਕੁੱਕੜ, ਕੱਛੂਕੰਮਾ, ਕਾਟੋ, ਕੁੱਤਾ, ਕੋਇਲ, ਖਰਗੋਸ਼, ਗਿੱਦੜ, ਹਾਥੀ, ਹਿਰਨ, ਚੀਤਾ, ਬਿੱਲੀ, ਮੱਛੀ, ਰੇਸ਼ੇ, ਸ਼ੇਰ, ਕਬੂਤਰ, (ਗੋਲੇ ਚੀਨ), ਕਾਂ, ਘੁੱਗੀ, ਚਿੜੀ, ਚੂਚਾ, ਤਿੱਤਰ,ਫੁੱਲ, ਟਮਾਟਰ, ਅਨਾਰ, ਗੋਭੀ ਦੇ ਫੁੱਲ, ਬਤਾਊਂ ਦੇ ਬੂਟੇ,ਕੱਦੂਆਂ ਦੀ ਵੇਲ, ਫੁੱਲਕਾਰੀ,ਕਈ ਦਰੀਆਂ ਵਿਚ ਬੌਲਦ, ਕਿੱਕਲੀ ਪਾਉਂਦੀਆਂ ਕੁੜੀਆਂ ਅਤੇ ਕਈਆਂ ਵਿੱਚ ਨਾਂ ਵੀ ਲਿਖੇ ਜਾਂਦੇ ਸਨ।
ਮੁਟਿਆਰਾਂ ਜੋ ਨਮੂਨਾ ਕਿਤੇ ਵੀ ਨਾ ਪਾਇਆ ਜਾਂਦਾ ਤਾਂ ਉਹ ਦਰੀਆਂ ਉੱਤੇ ਪਾ ਦਿੰਦੀਆਂ ਸਨ।ਇਹ ਨਮੂਨੇ ਔਰਤਾਂ ਆਪਣੇ ਹੱਥਾਂ ਨਾਲ ਹੀ ਪਾ ਲੈਂਦੀਆਂ ਸਨ। ਜੋ ਕਿ ਅੱਜ ਦੇ ਸਮੇਂ ਵਿਚ ਕਿਸੇ ਚੀਜ਼ ਉੱਤੇ ਨਮੂਨਾ ਪਾਉਣਾ ਹੋਵੇ ਤਾਂ ਕੰਪਿਊਟਰ ਦੀ ਸਹਾਇਤਾ ਨਾਲ ਪਾਇਆ ਜਾਂਦਾ ਹੈ।ਸਿੱਧੀਆਂ ਫੱਟੀਆਂ ਪਾ ਕੇ ਬਣਾਈ ਗਈ ਦਰੀ ਨੂੰ ਸਾਥੀ ਦਰੀ ਕਿਹਾ ਜਾਂਦਾ ਸੀ। ਅੱਲੜ ਮਟਿਆਰਾਂ ਬਹੁਤ ਹੀ ਰੀਝਾਂ ਅਤੇ ਖ਼ੂਬਸੂਰਤੀ ਨਾਲ ਇਹ ਦਰੀਆਂ ਬੁਣਦੀਆਂ ਸਨ। ਦਰੀ ਪੂਰੀ ਬਣ ਕੇ ਤਿਆਰ ਹੋਣ ਤੋਂ ਬਾਅਦ ਉਸ ਦੀ ਇਕ ਚੱਪਾ ਜਾਲੀ ਬੰਨ੍ਹੀ ਜਾਂਦੀ ਸੀ। ਉਸ ਨਾਲ ਸੂਤਰ ਦੇ ਫੁੰਮਣ ਵੀ ਬੰਨ੍ਹੇ ਜਾਂਦੇ ਸਨ। ਇਕ ਦਰੀ ਨੂੰ ਬਣਾਉਣ ਲਈ ਪੰਦਰਾਂ ਤੋਂ ਵੀਹ ਦਿਨ ਲੱਗ ਜਾਂਦੇ ਸਨ।

ਦਰੀਆਂ ਬਣਾਉਣ ਵੇਲੇ ਮੁਟਿਆਰਾਂ ਗੀਤ ਬੋਲੀਆਂ ਤੇ ਟੱਪੇ ਜੋੜ ਲਿਆ ਕਰਦੀਆਂ ਸਨ।ਕੋਈ ਮੁਟਿਆਰ ਆਪਣੇ ਮਾਹੀ ਨੂੰ ਬੜੇ ਪਿਆਰ ਨਾਲ ਮੋਹ ਭਰਿਆ ਗੋਣਦੀ।
ਜੇ ਤੂੰ ਫੁੱਲ ਗੁਲਾਬ ਦਾ,
ਮੈਂ ਚੰਬੇ ਦੀ ਕਲੀ ਵੇ,
ਜੀ ਵੇ ਸੋਹਣਿਆਂ ਜੀ ਵੇ।
ਜੇ ਤੂੰ ਪਲੰਘ ਨਵਾਰ ਦਾ,
ਮੈਂ ਵੀ ਰੇਸ਼ਮ ਦੀ ਦਰੀ ਵੇ,
ਜੀ ਵੇ ਸੋਹਣਿਆਂ ਜੀ ਵੇ।
ਜੇ ਤੂੰ ਗਲਾਸ ਦੁੱਧ ਦਾ,
ਮੈਂ ਵੀ ਮਿਸ਼ਰੀ ਦੀ ਡਲੀ ਵੇ,
ਜੀ ਵੇ ਸੋਹਣਿਆਂ ਜੀ ਵੇ।

ਪੁਰਾਣੇ ਸਮਿਆਂ ਵਿੱਚ ਕੁੜੀ ਦੇ ਦਾਜ ਵਿੱਚ ਦਰੀਆਂ ਦੇਣ ਦਾ ਰਿਵਾਜ ਹੁੰਦਾ ਸੀ। ਕੁੜੀ ਨੂੰ ਵਿਆਹ ਦੇ ਦਾਜ ਵਿੱਚ 11 ਜਾਂ 21 ਦਰੀਆਂ ਸ਼ਗਨ ਵਜੋਂ ਦਿੱਤੀਆਂ ਜਾਂਦੀਆਂ ਸਨ।ਕੁੜੀਆਂ ਪੂਰਾ ਦਿਨ ਦਰੀਆਂ ਬਣਾਉਂਦੀਆਂ ਰਹਿੰਦੀਆਂ ਸਨ।ਦਰੀਆਂ ਸਹੁਰੇ ਘਰ ਲੈ ਕੇ ਜਾਣ ਲਈ ਇੱਕ ਦੂਜੀ ਨੂੰ ਮਸ਼ਕਰੀਆਂ ਮਖੌਲ ਵੀ ਕਰਦੀਆਂ ਰਹਿੰਦੀਆਂ ਸਨ।
ਮੁਟਿਆਰਾਂ ਆਪਣੇ ਤਿਆਰ ਕੀਤੇ ਜਾਣ ਵਾਲੇ ਦਾਜ ਵਿੱਚ ਬੜੀ ਰੀਝ ਨਾਲ ਦਰੀਆਂ ਬਣਾ ਕੇ ਰੱਖਿਆ ਕਰਦੀਆਂ ਸਨ।ਹਰ ਮੁਟਿਆਰ ਦੀ ਇਹ ਕੋਸਿ਼ਸ਼ ਹੁੰਦੀ ਸੀ ਕਿ ਉਸਦੇ ਸਹੁਰੇ ਘਰ ਵਿੱਚ ਉਸ ਵੱਲੋਂ ਲਿਆਂਦੇ ਦਾਜ ਦੀਆਂ ਗੱਲਾਂ ਹਰ ਮੂੰਹ ਤੇ ਹੋਣ। ਇਸ ਲਈ ਉਹ ਆਪਣੇ ਦਾਜ ਨੂੰ ਬੜੇ ਉਤਸ਼ਾਹ ਨਾਲ ਤਿਆਰ ਕਰਦੀ ਸੀ।

ਕੁੜੀ ਲਈ ਵਰ ਲੱਭਣ ਵਾਸਤੇ ਵਿਚੋਲੇ ਇਨ੍ਹਾਂ ਚੀਜ਼ਾਂ ਦੀ ਹੀ ਵਡਿਆਈ ਸਿਫਤ ਕਰਦੇ ਸਨ।ਕੁੜੀ ਬਹੁਤ ਹੀ ਸੋਹਣੀ ਕਸੀਦਾ-ਦਾਰੀ ਵੀ ਕਰ ਲੈਂਦੀ ਹੈ।ਇਸੇ ਹੀ ਭਾਵ ਨਾਲ ਕੁੜੀ ਦੀ ਮੰਗਣੀ ਕੀਤੀ ਜਾਂਦੀ ਸੀ।ਅੱਜ ਦੇ ਸਮੇਂ ਵਾਂਗ ਉਨ੍ਹਾਂ ਸਮਿਆਂ ਵਿੱਚ ਕੁੜੀਆਂ ਨੂੰ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਸੀ, ਅਤੇ ਨਾ ਹੀ ਨੌਕਰੀ ਕਰਵਾਈ ਜਾਂਦੀ ਸੀ।ਘਰ ਦੇ ਕੰਮ ਵਿੱਚ ਮਾਹਰ ਬਣਾਇਆ ਜਾਂਦਾ ਸੀ। ਰੋਟੀ-ਟੁੱਕ ਦਰੀਆਂ,ਫੁਲਕਾਰੀਆਂ, ਚਾਦਰਾਂ, ਸਰ੍ਹਾਣੇ, ਸ਼ੀਸ਼ੇ ਤੇ ਮੇਜ਼ ਦੇ ਕਵਰ ਅਤੇ ਝੋਲੇ ਬਣਾਉਣ ਵਿਚ ਕੁੜੀਆਂ ਚਿੜੀਆਂ ਇਨ੍ਹਾਂ ਕੰਮਾਂ ਦੀਆਂ ਬਹੁਤ ਜ਼ਿਆਦਾ ਮਾਹਰ ਹੁੰਦੀਆਂ ਸਨ। ਉੱਡਦੇ ਪੰਛੀਆਂ ਦੀ ਨਮੂਨੇ ਲਾ ਲੈਂਦੀਆਂ ਸਨ।

ਦਰਿਆ ਦੀ ਧੋਆ-ਧੁਆਈ ਵੀ ਕਰਨੀ ਕੋਈ ਸੌਖੀ ਗੱਲ ਨਹੀਂ ਹੁੰਦੀ ਸੀ।ਅੱਜ ਕੱਲ੍ਹ ਦੀਆਂ ਮੁਟਿਆਰਾਂ ਕੋਲ ਤਾਂ ਦਰੀਆਂ ਵੀ ਨ੍ਹੀਂ ਚੁੱਕੀਆਂ ਜਾ ਸਕਦੀਆ।
ਪੁਰਾਣੇ ਸਮਿਆਂ ਵਿੱਚ ਔਰਤਾਂ ਆਪਣੇ ਘਰਾਂ ਵਿੱਚ ਹੀ ਹੱਥੀ ਦਰੀਆਂ ਤਿਆਰ ਕਰਦੀਆਂ ਸਨ।
ਘਰ ਵਿੱਚ ਜਦੋਂ ਵੀ ਕੋਈ ਪ੍ਰਾਹੁਣਾ ਆਉਂਦਾ ਤਾਂ ਉਸ ਨੂੰ ਮੰਜੇ ਉੱਪਰ ਦਰੀ ਵਿਛਾ ਕੇ ਹੀ ਬਿਠਾਇਆ ਜਾਂਦਾ ਸੀ।ਦਰੀਆਂ ਸੂਤ ਦੀਆਂ ਹੋਣ ਕਰਕੇ ਗਰਮੀਆਂ ਦੇ ਮੌਸਮ ਵਿੱਚ ਬਹੁਤ ਹੀ ਠੰਢੀਆਂ ਲੱਗਦੀਆਂ ਸਨ।

ਪੰਜਾਬ ਦੇ ਪਿੰਡਾਂ ਵਿੱਚ ਟਾਵੇਂ-ਟਾਵੇਂ ਘਰਾਂ ਚ ਅਜੇ ਵੀ ਦਰੀਆਂ ਵਾਲਾ ਅੱਡਾ ਦੇਖਣ ਨੂੰ ਮਿਲਦਾ ਹੈ।ਪਰ ਦਰੀਆਂ ਬਣਾਉਣ ਵਾਲੀਆਂ ਮੁਟਿਆਰਾਂ ਨਹੀਂ ਲੱਭਦੀਆਂ ਹੋਣ।ਜੇ ਕਿਤੇ ਅੱਜ ਵੀ ਕਿਸੇ ਦੇ ਘਰ ਪੁਰਾਣੀਆਂ ਦਰੀਆਂ ਪਈਆਂ ਹੋਣ ਤਾਂ ਤੁਹਾਨੂੰ ਦਰੀਆਂ ਉੱਤੇ ਪੰਜਾਬ ਦਿਖ ਜਾਵੇਗਾ।ਇਨੀਆਂ ਜ਼ਿਆਦਾ ਕਲਾਵਾਂ ਸੀ ਪੰਜਾਬ ਦੀਆਂ ਮੁਟਿਆਰਾਂ ਵਿੱਚ ਜੋ ਅੱਜ ਅਲੋਪ ਹੋ ਚੁੱਕੀਆਂ ਹਨ।
ਮੇਰੀ ਮਾਤਾ ਜੀ ਨੇ ਅੱਜ ਵੀ ਬਹੁਤ ਦਰੀਆਂ ਘਰ ਵਿੱਚ ਸਾਂਭੀਆਂ ਹੋਈਆਂ ਹਨ।

ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਖਾਦੀ ਬੋਰਡ ਦੇ ਜ਼ਰੀਏ ਔਰਤਾਂ ਨੂੰ ਇਸ ਕਲਾ ਨਾਲ ਜੋੜ ਕੇ ਰੱਖਿਆ ਜਾਵੇ।ਅਤੇ ਵੱਖ-ਵੱਖ ਥਾਈਂ ਇਨ੍ਹਾਂ ਦਰੀਆਂ ਦੀ ਪ੍ਰਦਰਸ਼ਨੀ ਲਾ ਕੇ ਇਨ੍ਹਾਂ ਨੂੰ ਵੇਚਿਆ ਜਾਵੇ ਅਤੇ ਇਸ ਤੋਂ ਹੋਈ ਆਮਦਨੀ ਔਰਤਾਂ ਨੂੰ ਦਿੱਤੀ ਜਾਵੇ।ਲੋੜ ਹੈ ਇਸ ਕਲਾ ਨੂੰ ਜੀਵਤ ਰੱਖਣ ਦੀ ਹੁਣ ਤਾਂ ਦਰੀਆਂ ਆਰਟ ਗੈਲਰੀਆਂ,ਅਜਾਇਬ ਘਰਾਂ ਅਤੇ ਮੇਲਿਆਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈਆਂ ਹਨ।ਬਾਹਰਲੇ ਲੋਕ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਉਣ ਦਾ ਹਰ ਹੀਲਾ ਕਰਦੇ ਹਨ।ਅਸੀਂ ਪੰਜਾਬੀ ਆਪਣੀ ਪੁਰਾਣੀ ਕਿਸੇ ਚੀਜ਼ ਨੂੰ ਸਾਂਭਣ ਪੱਖੋਂ ਕਾਫੀ ਹੱਦ ਤੱਕ ਪਿੱਛੇ ਹਾਂ। ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਸਾਡੇ ਬੱਚੇ ਸਾਨੂੰ ਇਹ ਸਵਾਲ ਕਰਨ ਕੇ ਤੁਸੀਂ ਤਾਂ ਆਪਣੇ ਵਿਰਸੇ ਨੂੰ ਵੀ ਸਾਂਭ ਨੀ ਸਕੇ।
– ਜੈਕਬ ਤੇਜਾ ਗੁਰਦਾਸਪੁਰ
ਆਲ੍ਹਣੇ ਦਾ ਸਿਰਨਾਵਾਂ
ਅਮਨ ਨਗਰ, ਹਰਦੋਛਨੀ ਰੋਡ, ਗੁਰਦਾਸਪੁਰ
98881-12801