Home ਇੰਮੀਗ੍ਰੇਸ਼ਨ ਹਰਿਆਣਾ ਦੇ ਸਿੱਖਾਂ ਨੂੰ ਪਾਕਿਸਤਾਨ ਦਾ ਵੀਜ਼ਾ ਦਿਵਾਏਗੀ ਐਸਜੀਪੀਸੀ

ਹਰਿਆਣਾ ਦੇ ਸਿੱਖਾਂ ਨੂੰ ਪਾਕਿਸਤਾਨ ਦਾ ਵੀਜ਼ਾ ਦਿਵਾਏਗੀ ਐਸਜੀਪੀਸੀ

0
ਹਰਿਆਣਾ ਦੇ ਸਿੱਖਾਂ ਨੂੰ ਪਾਕਿਸਤਾਨ ਦਾ ਵੀਜ਼ਾ ਦਿਵਾਏਗੀ ਐਸਜੀਪੀਸੀ

ਅੰਮ੍ਰਿਤਸਰ, 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਹਰਿਆਣਾ ਦੇ ਸਿੱਖਾਂ ਦੀ ਵੀਜ਼ਾ ਪ੍ਰਕਿਰਿਆ ਪੂਰੀ ਕਰਵਾਉਣ ਲਈ ਕੁਰੂਕਸ਼ੇਤਰ ਵਿੱਚ ਸਥਿਤ ਐਸਜੀਪੀਸੀ ਦੇ ਸਬ-ਦਫ਼ਤਰ ’ਚ ਕੇਂਦਰ ਦੀ ਸਥਾਪਨਾ ਕੀਤੀ ਹੈ। ਇਸ ਕੇਂਦਰ ਨੇ ਸ਼ਨਿੱਚਰਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਹਰਿਆਣਾ ਦੇ ਗਠਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਐਸਜੀਪੀਸੀ ਨੇ ਉੱਥੋਂ ਦੇ ਸਿੱਖਾਂ ਨੂੰ ਵੀਜ਼ਾ ਦੀ ਸਹੂਲਤ ਉਪਲੱਬਧ ਕਰਵਾਉਣ ਲਈ ਕਿਸੇ ਕੇਂਦਰ ਦੀ ਸਥਾਪਨਾ ਕੀਤੀ ਹੈ। ਹਰਿਆਣਾ ਦੇ ਸਿੱਖ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਇਸ ਕੇਂਦਰ ਵਿੱਚ ਜਮ੍ਹਾ ਕਰਵਾ ਸਕਣਗੇ। ਐਸਜੀਪੀਸੀ ਦੇ ਅਧਿਕਾਰੀ ਹਰਿਣਆਣਾ ਦੇ ਸਿੱਖਾਂ ਵੱਲੋਂ ਜਮ੍ਹਾ ਕਰਵਾਏ ਗਏ ਪਾਸਪੋਰਟ ਨੂੰ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਿੱਚ ਵੀਜ਼ਾ ਲਗਵਾਉਣ ਦਾ ਕੰਮ ਕਰਨਗੇ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਗੁਰੂਧਾਮਾਂ ਦੇ ਦਰਸ਼ਨ ਲਈ ਪਾਕਿਸਤਾਨ ਚਾਰ ਜਥੇ ਭੇਜੇ ਜਾਂਦੇ ਹਨ। ਪੰਜਾਬ ਦੇ ਦੇ ਸ਼ਰਧਾਲੂਆਂ ਲਈ ਐਸਜੀਪੀਸੀ ਦੇ ਮੁੱਖ ਦਫ਼ਤਰ ਵਿੱਚ ਵੀਜ਼ਾ ਪ੍ਰਕਿਰਿਆ ਦੀ ਸਹੂਲਤ ਦਿੱਤੀ ਜਾਂਦੀ ਹੈ। ਹਰਿਆਣਾ ਦੇ ਸ਼ਰਧਾਲੂਆਂ ਲਈ ਅਲੱਗ ਕੋਟਾ ਨਿਰਧਾਰਤ ਹੈ। ਇਸ ਕਾਰਨ ਹਰਿਆਣਾ ਦੇ ਸਿੱਖ, ਵੀਜ਼ਾ ਦੀਆਂ ਰਸਮੀ ਕਾਰਵਾਈ ਖੁਦ ਪੂਰੀ ਕਰਦੇ ਹਨ। ਐਸਜੀਪੀਸੀ ਹੁਣ ਪੰਜਾਬ ਦੇ ਸ਼ਰਧਾਲੂਆਂ ਦੀ ਤਰ੍ਹਾਂ ਹਰਿਆਣਾ ਦੇ ਸ਼ਰਧਾਲੂਆਂ ਨੂੰ ਵੀ ਇਹ ਸਹੂਲਤ ਉਪਲੱਬਧ ਕਰਵਾਏਗੀ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜੂਨ 2021 ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਤੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਪਾਕਿਸਤਾਨ ਜਥੇ ਭੇਜੇ ਜਾਣਗੇ। ਇਸ ਦੇ ਲਈ ਹਰਿਆਣਾ ਦੀ ਸੰਗਤ ਕੁਰੂਕਸ਼ੇਤਰ ਸਥਿਤ ਇਸ ਦਫਤਰ ਵਿੱਚ ਆਪਣੇ ਪਾਸਪੋਰਟ ਜਮ੍ਹਾ ਕਰਵਾ ਸਕਦੀ ਹੈ।