ਨਵੀਂ ਦਿੱਲੀ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਸੈਂਟਰਲ ਇਨਵੈਸਟੀਗੇਸ਼ਨ ਬਿਊਰੋ (ਸੀਬੀਆਈ) ਨੇ ਫ਼ੌਜ ਭਰਤੀ ਘਪਲਾ ਮਾਮਲੇ ’ਚ 23 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਨ੍ਹ੍ਹਾਂ ਵਿੱਚ ਫ਼ੌਜ ਦੇ 17 ਮੁਲਾਜ਼ਮ ਸ਼ਾਮਲ ਹਨ, ਜਿਨ੍ਹ੍ਹਾਂ ਵਿਚ 5 ਲੈਫ਼ਟੀਨੈਂਟ ਕਰਨਲ, 2 ਮੇਜਰ, ਇੱਕ ਮੇਜਰ ਦਾ ਰਿਸ਼ਤੇਦਾਰ, ਪਤਨੀ ਸਮੇਤ ਕੁਝ ਨਾਇਬ ਸੂਬੇਦਾਰ, ਹੌਲਦਾਰ ਤੇ ਸਿਪਾਹੀ ਰੈਂਕ ਦੇ ਮੁਲਾਜ਼ਮ ਸ਼ਾਮਲ ਹਨ।
ਸੀਬੀਆਈ ਨੇ ਇਸ ਮਾਮਲੇ ਵਿੱਚ 13 ਸ਼ਹਿਰਾਂ ਵਿੱਚ 30 ਤੋਂ ਵੱਧ ਥਾਵਾਂ ਦੀ ਤਲਾਸ਼ੀ ਲਈ ਹੈ, ਜਿਨ੍ਹਾਂ ਵਿੱਚ ਦਿੱਲੀ, ਬਠਿੰਡਾ, ਕਪੂਰਥਲਾ, ਕੈਥਲ, ਪਲਵਲ, ਲਖਨਊ, ਬਰੇਲੀ, ਗੋਰਖਪੁਰ, ਵਿਸ਼ਾਖਾਪਟਨਮ, ਗੁਹਾਟੀ, ਚਿਰੰਗੋ, ਜੋਰਹਾਟ ਅਤੇ ਜੈਪੁਰ ਸ਼ਾਮਲ ਹਨ।
ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ, ਜਿਨ੍ਹਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ। ਕੇਂਦਰੀ ਜਾਂਚ ਏਜੰਸੀ ਨੇ ਇਸ ਸਬੰਧ ਵਿੱਚ ਰੱਖਿਆ ਮੰਤਰਾਲੇ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਅਨੁਸ਼ਾਸਨ ਅਤੇ ਚੌਕਸੀ, ਆਫਿਸ ਤੋਂ ਮਿਲੀ ਇੱਕ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ।
ਹੁਣ ਤੱਕ ਸੀਬੀਆਈ ਨੇ ਇਸ ਮਾਮਲੇ ਵਿੱਚ 17 ਫ਼ੌਜੀ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਲੈਫ਼ਟੀਨੈਂਟ ਕਰਨਲ, ਮੇਜਰ, ਨਾਇਬ ਸੂਬੇਦਾਰ, ਸਿਪਾਹੀ ਤੇ ਹੋਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਤੇ ਭਰਤੀ ਦੌਰਾਨ ਰਿਸ਼ਵਤ ਲੈਣ ਤੇ ਘਪਲੇਬਾਜ਼ੀ ਕਰਨ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਉਮੀਦਵਾਰਾਂ ਕੋਲੋਂ ਰਿਸ਼ਵਤ ਨਕਦ ਅਤੇ ਆਨਲਾਈਨ ਲੈਣ-ਦੇਣ ਦੇ ਰੂਪ ਵਿੱਚ ਵੀ ਲਈ ਗਈ ਸੀ। ਕੁਝ ਮਾਮਲਿਆਂ ਵਿੱਚ ਹਰੇਕ ਉਮੀਦਵਾਰ ਲਈ ਇਹ ਰਾਸ਼ੀ ਲਗਭਗ ਲੱਖ ਰੁਪਏ ਸੀ।
ਸੀਬੀਆਈ ਨੂੰ ਆਪਣੀ ਸ਼ਿਕਾਇਤ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ 27 ਫਰਵਰੀ 2021 ਨੂੰ ਇੱਥ ਭਰੋਸੇਯੋਗ ਸੂਤਰ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਬੇਸ ਹਸਪਤਾਲ, ਦਿੱਲੀ ਕੈਂਟ ਤੋਂ
ਅਸਥਾਈ ਤੌਰ ’ਤੇ ਅਸਵੀਕਾਰ ਕੀਤੇ ਗਏ ਉਮੀਦਵਾਰਾਂ ਦੀ ਸਮੀਖਿਆ ਮੈਡੀਕਲ ਕਲੀਅਰੰਸ ਲਈ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕਈ ਸੇਵਾਵਾਂ ਨਿਭਾਅ ਰਹੇ ਕਰਮੀ ਸ਼ਾਮਲ ਹਨ। ਸੀਬੀਆਈ ਨੇ ਇਸ ਘਪਲਾ ਮਾਮਲੇ ਵਿੱਚ 23 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚ ਫ਼ੌਜ ਦੇ ਸੀਨੀਅਰ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਲ ਹਨ।