Home ਪੰਜਾਬ ਸੁਖਪਾਲ ਖਹਿਰਾ ਮੁੜ ਕੁੜਿੱਕੀ ਵਿਚ ਫਸੇ

ਸੁਖਪਾਲ ਖਹਿਰਾ ਮੁੜ ਕੁੜਿੱਕੀ ਵਿਚ ਫਸੇ

0
ਸੁਖਪਾਲ ਖਹਿਰਾ ਮੁੜ ਕੁੜਿੱਕੀ ਵਿਚ ਫਸੇ

***ਈ.ਡੀ. ਨੇ 17 ਮਾਰਚ ਨੂੰ ਦਿੱਲੀ ਤਲਬ ਕੀਤਾ ***ਜਵਾਈ ਅਤੇ ਪੀ.ਏ. ਨੂੰ ਵੀ ਪੇਸ਼ ਹੋਣ ਦੇ ਹੁਕਮ
***ਛਾਪਿਆਂ ਵਿਰੁੱਧ ਸ਼ਿਕਾਇਤ ਕਰਨੀ ਪਈ ਮਹਿੰਗੀ
ਨਵੀਂ ਦਿੱਲੀ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਘਰ ਛਾਪੇ ਤੋਂ ਬਾਅਦ ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਦਿੱਲੀ ਤਲਬ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 2015 ਦੇ ਇਕ ਡਰੱਗ ਮਾਮਲੇ ਵਿਚ ਸੁਖਪਾਲ ਸਿੰਘ ਖਹਿਰ, ਉਨ੍ਹਾਂ ਦੇ ਜਵਾਈ ਅਤੇ ਪੀ.ਏ. ਨੂੰ 17 ਮਾਰਚ ਨੂੰ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਹਨ। 2015 ਦਾ ਇਹ ਡਰੱਗ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਅਤੇ ਸੁਖਪਾਲ ਖਹਿਰਾ ਨੂੰ ਇਸ ਮਾਮਲੇ ਵਿਚ ਰਾਹਤ ਮਿਲੀ ਹੋਈ ਹੈ। ਸੁਖਪਾਲ ਖਹਿਰਾ ਨੇ ਕਲ ਚੰਡੀਗੜ੍ਹ ਦੇ ਐਸ.ਐਸ.ਪੀ. ਅਤੇ ਕਪੂਰਥਲਾ ਦੇ ਐਸ.ਐਸ.ਪੀ. ਕੋਲ ਸ਼ਿਕਾਇਤ ਦਾਇਰ ਕਰਦਿਆਂ ਛਾਪੇ ਮਾਰਨ ਆਏ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਵਿਰੁੱਧ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਸੀ। ਆਪਣਾ ਨਿਜੀ ਸੁਰੱਖਿਆ ਮੁਲਾਜ਼ਮ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦਾ ਹਵਾਲਾ ਦਿੰਦਿਆਂ ਸੁਖਪਾਲ ਖਹਿਰਾ ਨੇ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਟੀਮ ‘ਤੇ ਆਪਣੇ ਪਰਵਾਰ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਦਾ ਦੋਸ਼ ਲਾਇਆ ਸੀ। ਆਪਣੀ ਸ਼ਿਕਾਇਤ ਵਿਚ ਸੁਖਪਾਲ ਖਹਿਰਾ ਨੇ ਕਿਹਾ ਸੀ ਕਿ 9 ਮਾਰਚ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਵਾਲੀਆਂ ਟੀਮਾਂ ਨੇ ਉਨ੍ਹਾਂ ਦੇ ਚੰਡੀਗੜ੍ਹ ਦੇ ਸੈਕਟਰ 5 ਸਥਿਤ ਮਕਾਨ, ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਜੱਦੀ ਪਿੰਡ ਰਾਮਗੜ੍ਹ ਅਤੇ ਦਿੱਲੀ ਵਿਖੇ ਉਨ੍ਹਾਂ ਦੇ ਬੇਟੇ ਦੇ ਸਹੁਰੇ ਪਰਵਾਰ ਦੇ ਟਿਕਾਣਿਆਂ ‘ਤੇ ਛਾਪੇ ਮਾਰੇ। 25 ਤੋਂ 30 ਪੁਲਿਸ ਮੁਲਾਜ਼ਮਾਂ ਨੇ ਘਰ ਦੀਆਂ ਕਈ ਚੀਜ਼ਾਂ ਨੂੰ ਹੱਥ ਲਾਇਆ ਅਤੇ ਦਫ਼ਤਰੀ ਕੰਪਿਊਟਰ ਦੀ ਵਰਤੋਂ ਵੀ ਕੀਤੀ ਗਈ। ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਈ.ਡੀ. ਦੀ ਕਾਰਵਾਈ ਤੋਂ ਬਾਅਦ ਹੀ ਪਿੰਡ ਰਾਮਗੜ੍ਹ ਵਿਖੇ ਤੈਨਾਤ ਉਨ੍ਹਾਂ ਦਾ ਪੀ.ਐਸ.ਓ. ਓਂਕਾਰ ਸਿੰਘ ਕੋਰੋਨਾ ਪੌਜ਼ੇਟਿਵ ਹੋ ਗਿਆ। ਓਂਕਾਰ ਸਿੰਘ ਨੇ ਈ.ਡੀ. ਦੀ ਟੀਮ ਨੂੰ ਰੋਟੀ ਖਵਾਉਣ ਦੀ ਜ਼ਿੰਮੇਵਾਰੀ ਸੰਭਾਲੀ ਸੀ।