Home ਤਾਜ਼ਾ ਖਬਰਾਂ ਹੁਸ਼ਿਆਰਪੁਰ : ਪਹਾੜੀ ਤੋਂ ਡਿੱਗੇ ਟਰੈਕਟਰ ਟਰਾਲੀ, 3 ਮੌਤਾਂ, 34 ਜ਼ਖ਼ਮੀ

ਹੁਸ਼ਿਆਰਪੁਰ : ਪਹਾੜੀ ਤੋਂ ਡਿੱਗੇ ਟਰੈਕਟਰ ਟਰਾਲੀ, 3 ਮੌਤਾਂ, 34 ਜ਼ਖ਼ਮੀ

0


ਹੁਸ਼ਿਆਰਪੁਰ, 22 ਮਈ, ਹ.ਬ. : ਨਵਾਂ ਸ਼ਹਿਰ ਦੇ ਪਿੰਡ ਪਰਾਗਪੁਰ ਅਤੇ ਮੁਬਾਰਕਪੁਰ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਿੰਡ ਬੱਸੀ ਦੇ ਪਹਾੜਾਂ ਵਿੱਚ 100 ਫੁੱਟ ਤੋਂ ਵੀ ਜ਼ਿਆਦਾ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ’ਚ 3 ਔਰਤਾਂ ਦੀ ਮੌਤ ਹੋ ਗਈ ਅਤੇ 34 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਾਥੜੀ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਨਵਾਂ ਸ਼ਹਿਰ ਰੈਫਰ ਕਰ ਦਿੱਤਾ ਗਿਆ ਹੈ।
ਸਿਵਲ ਹਸਪਤਾਲ ਨਵਾਂਸ਼ਹਿਰ ’ਚ ਆਏ 34 ਜ਼ਖਮੀਆਂ ’ਚੋਂ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਪਰਾਗਪੁਰ ਅਤੇ ਮੁਬਾਰਕਪੁਰ ਤੋਂ 40 ਸ਼ਰਧਾਲੂ ਸਵੇਰੇ ਇੱਕ ਟਰੈਕਟਰ-ਟਰਾਲੀ ਵਿੱਚ ਸਵਾਰ ਹੋ ਕੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ। ਤਪੋਸਥਲ ’ਚ ਮੱਥਾ ਟੇਕ ਕੇ ਚਰਨਛੋਹ ਗੰਗਾ ਨੂੰ ਜਾਂਦੇ ਸਮੇਂ ਪਿੰਡ ਬੱਸੀ ’ਚ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਹਾੜੀ ਤੋਂ 100 ਫੁੱਟ ਹੇਠਾਂ ਜਾ ਡਿੱਗੀ। ਇਸ ਮਗਰੋਂ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਪੁਲਸ ਚੌਕੀ ਇੰਚਾਰਜ ਲਖਬੀਰ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਪੁੱਜੇ।
ਉਨ੍ਹਾਂ ਨੇ ਲੋਕਾਂ ਨੂੰ ਹੇਠਾਂ ਤੋਂ ਬਾਹਰ ਕੱਢਿਆ ਅਤੇ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਾਥੜੀ ਵਿੱਚ ਦਾਖਲ ਕਰਵਾਇਆ। ਉਥੋਂ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ। ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਵਿੱਚ ਭੁਪਿੰਦਰ ਕੌਰ ਵਾਸੀ ਮੁਬਾਰਕਪੁਰ, ਸੁਖਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਅਤੇ ਮਹਿੰਦਰ ਕੌਰ ਪਤਨੀ ਪਿਆਰਾ ਲਾਲ ਵਾਸੀ ਪਰਾਗਪੁਰ, ਥਾਣਾ ਕਾਠਗੜ੍ਹ, ਜ਼ਿਲ੍ਹਾ ਨਵਾਂਸ਼ਹਿਰ ਸ਼ਾਮਲ ਹਨ। 31 ਵਿਅਕਤੀ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਜ਼ੇਰੇ ਇਲਾਜ ਹਨ।