1 ਜੂਨ ਤੋਂ ਬਾਅਦ ਨਹੀਂ ਵਿਕੇਗਾ ਬਗੈਰ ਹੌਲਮਾਰਕ ਵਾਲਾ ਸੋਨਾ; ਹੁਣ ਸਿਰਫ਼ 3 ਕੁਆਲਟੀ ਦੇ ਹੀ ਗਹਿਣੇ ਵਿਕਣਗੇ

ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਨੇ ਸੋਨੇ ਦੇ ਗਹਿਣਿਆਂ ਲਈ ਹੌਲਮਾਰਕ ਨੂੰ ਜ਼ਰੂਰੀ ਕਰ ਦਿੱਤਾ ਹੈ। 1 ਜੂਨ 2021 ਤੋਂ ਬਾਅਦ ਬਗੈਰ ਹੌਲਮਾਰਕ ਵਾਲੇ ਸੋਨੇ ਦੇ ਗਹਿਣਿਆਂ ਨੂੰ ਨਹੀਂ ਵੇਚਿਆ ਜਾ ਸਕਦਾ। ਬਿਊਰੋ ਆਫ਼ ਇੰਡੀਅਨ ਸਟੈਂਡਰਡ ਮਤਲਬ ਬੀਆਈਐਸ ਨੇ ਸਾਰੇ ਰਜਿਸਟਰਡ ਸੁਨਿਆਰਾਂ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਸੋਨੇ ਦੀ ਸ਼ੁੱਧਤਾ ਹੁਣ ਤਿੰਨ ਗ੍ਰੇਡਾਂ ‘ਚ ਹੋਵੇਗੀ। ਪਹਿਲਾਂ 22 ਕੈਰਟ, ਦੂਜਾ 18 ਕੈਰਟ ਅਤੇ ਤੀਜਾ 14 ਕੈਰਟ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਗਾਹਕ ਅਤੇ ਸੁਨਿਆਰ ਦੋਵਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ। ਕੁਆਲਿਟੀ ਨੂੰ ਲੈ ਕੇ ਦੋਵਾਂ ਦੇ ਮਨ ‘ਚ ਕੋਈ ਸ਼ੱਕ ਨਹੀਂ ਰਹੇਗਾ।
ਸੋਨੇ ਲਈ ਹੌਲਮਾਰਕ ਉਸ ਦੀ ਸ਼ੁੱਧਤਾ ਦੀ ਪਛਾਣ ਹੈ। ਇਸ ਸਮੇਂ ਇਹ ਲਾਜ਼ਮੀ ਨਹੀਂ ਹੈ। ਪਹਿਲਾਂ ਇਸ ਦੀ ਆਖਰੀ ਮਿਤੀ 15 ਜਨਵਰੀ 2021 ਸੀ। ਜਵੈਲਰਜ਼ ਐਸੋਸੀਏਸ਼ਨ ਦੀ ਮੰਗ ‘ਤੇ ਇਸ ਨੂੰ ਵਧਾ ਕੇ 1 ਜੂਨ 2021 ਕਰ ਦਿੱਤਾ ਗਿਆ ਹੈ। ਭਾਰਤ ਵੱਡੇ ਪੱਧਰ ‘ਤੇ ਸੋਨੇ ਦੀ ਦਰਾਮਦ ਕਰਦਾ ਹੈ ਅਤੇ ਇਸ ਦੀ ਖਪਤ ਵੀ ਕਰਦਾ ਹੈ।
ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਭਾਰਤ ਹਰ ਸਾਲ 700-800 ਟਨ ਸੋਨੇ ਦੀ ਦਰਾਮਦ ਕਰਦਾ ਹੈ। ਗਹਿਣਿਆਂ ਦੀ ਹੌਲਮਾਰਕਿੰਗ ਪ੍ਰਕਿਰਿਆ ‘ਚ ਸੁਨਿਆਰੇ ਬੀਆਈਐਸ ਦੇ ਏ ਐਂਡ ਐਚ ਸੈਂਟਰ ‘ਚ ਗਹਿਣਿਆਂ ਨੂੰ ਜਮ੍ਹਾ ਕਰਦੇ ਹਨ ਅਤੇ ਉੱਥੇ ਇਨ੍ਹਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ। ਨਤੀਜੇ ਅਨੁਸਾਰ ਬੀਆਈਐਸ ਇਸ ਦੀ ਮਾਰਕਿੰਗ ਕਰਦੀ ਹੈ।
ਘਰ ਬੈਠੇ ਬੀਆਈਐਸ ਨਾਲ ਰਜਿਸਟ੍ਰੇਸ਼ਨ
ਸੁਨਿਆਰਾਂ ਲਈ ਬੀਆਈਐਸ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਗਿਆ ਹੈ। ਇਹ ਕੰਮ ਹੁਣ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਸ ਦੇ ਲਈ www.manakonline.in ਵੈਬਸਾਈਟ ‘ਤੇ ਜਾਓ। ਇੱਥੇ ਜਿਨ੍ਹਾਂ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ, ਨੂੰ ਜਮ੍ਹਾ ਕਰਵਾਉਣਾ ਹੈ ਅਤੇ ਰਜਿਸਟ੍ਰੇਸ਼ਨ ਫੀਸ ਜਮਾਂ ਕਰਨੀ ਹੈ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਿਨੈਕਾਰ ਬੀਆਈਐਸ ਦਾ ਰਜਿਸਟਰਡ ਸੁਨਿਆਰ ਬਣ ਜਾਂਦਾ ਹੈ।
ਜਾਣੋ ਰਜਿਸਟ੍ਰੇਸ਼ਨ ਫੀਸ ਕਿੰਨੀ ਹੈ?
ਬੀਆਈਐਸ ਰਜਿਸਟ੍ਰੇਸ਼ਨ ਫੀਸ ਕਾਫ਼ੀ ਘੱਟ ਰੱਖੀ ਗਈ ਹੈ। ਜੇ ਕਿਸੇ ਸੁਨਿਆਰ ਦਾ ਟਰਨਓਵਰ 5 ਕਰੋੜ ਤੋਂ ਘੱਟ ਹੈ ਤਾਂ ਉਸ ਲਈ ਰਜਿਸਟ੍ਰੇਸ਼ਨ ਫੀਸ 7500 ਰੁਪਏ ਹੈ। 5 ਕਰੋੜ ਤੋਂ ਲੈ ਕੇ 25 ਕਰੋੜ ਰੁਪਏ ਤਕ ਦੇ ਸਾਲਾਨਾ ਟਰਨਓਵਰ ਲਈ ਰਜਿਸਟ੍ਰੇਸ਼ਨ ਫੀਸ 15 ਹਜ਼ਾਰ ਰੁਪਏ ਹੈ ਅਤੇ 25 ਕਰੋੜ ਤੋਂ ਜ਼ਿਆਦਾ ਟਰਨਓਵਰ ਲਈ 40 ਹਜ਼ਾਰ ਰੁਪਏ ਹੈ। ਜੇ ਕਿਸੇ ਸੁਨਿਆਰੇ ਦਾ ਕਾਰੋਬਾਰ 100 ਕਰੋੜ ਤੋਂ ਪਾਰ ਹੈ ਤਾਂ ਇਹ ਫੀਸ 80 ਹਜ਼ਾਰ ਰੁਪਏ ਹੈ।
ਹੌਲਮਾਰਕ ਕੀ ਹੈ ?
ਸੋਨੇ ਦੀ ਹੌਲਮਾਰਕਿੰਗ ਦਾ ਮਤਲਬ ਹੈ, ਇਸ ਦੀ ਸ਼ੁੱਧਤਾ ਦਾ ਸਬੂਤ। ਬੀਆਈਐਸ ਹਾਲ ਮਾਰਕ ਵੇਖ ਕੇ ਸੋਨਾ ਖਰੀਦਣਾ ਚਾਹੀਦਾ ਹੈ। ਹੌਲਮਾਰਕ ਨਾਲ ਅਸਲੀ ਸੋਨੇ ਦੀ ਪਛਾਣ ਕਰਨਾ ਸਭ ਤੋਂ ਸੌਖਾ ਹੈ। ਅਸਲੀ ਹੌਲਮਾਰਕ ‘ਤੇ ਭਾਰਤੀ ਸਟੈਂਡਰਡ ਬਿਊਰੋ ਦਾ ਤਿਕੌਣਾ ਨਿਸ਼ਾਨ ਹੁੰਦਾ ਹੈ ਅਤੇ ਉਸ ‘ਤੇ ਹਾਲ ਮਾਰਕਿੰਗ ਕੇਂਦਰ ਦੇ ਲੋਕਾਂ ਨਾਲ ਸੋਨੇ ਦੀ ਸ਼ੁੱਧਤਾ ਵੀ ਲਿਖੀ ਹੁੰਦੀ ਹੈ। ਹੌਲਮਾਰਕ 5 ਭਾਗਾਂ ‘ਚ ਹੁੰਦਾ ਹੈ। ਪਹਿਲੇ ਭਾਗ ‘ਚ ਬੀਆਈਐਸ ਸਟੈਂਡਰਡ ਮਾਰਕ ਦਾ ਲੋਗੋ ਹੁੰਦਾ ਹੈ। ਦੂਜੇ ‘ਚ ਸ਼ੁੱਧਤਾ ਦੀ ਪਛਾਣ ਦਾ ਚਿੰਨ੍ਹ ਹੁੰਦਾ ਹੈ, ਜੋ ਕਿ ਕੈਰੇਟ ਬਾਰੇ ਜਾਣਕਾਰੀ ਦਿੰਦਾ ਹੈ। ਜੇ ਇਸ ‘ਤੇ ਨਿਸ਼ਾਨ 916 ਹੈ ਤਾਂ ਇਸ ਦਾ ਮਤਲਬ ਹੈ ਕਿ ਕੁੱਲ ਧਾਤ ‘ਚ ਸੋਨਾ 91.6 ਫ਼ੀਸਦੀ ਹੈ। ਸਭ ਤੋਂ ਸ਼ੁੱਧ ਸੋਨੇ ਦਾ ਨੰਬਰ 999 ਹੈ, ਪਰ ਇਹ ਗਹਿਣਿਆਂ ‘ਚ ਬਹੁਤ ਘੱਟ ਵਰਤਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਭਾਰਤੀ ਸਟੈਂਡਰਡ ਬਿਊਰੋ ਮੁਤਾਬਕ ਸ਼ੁੱਧਤਾ ਦੇ ਚਿੰਨ੍ਹ 958, 916, 875, 585 ਅਤੇ 375 ਕ੍ਰਮਵਾਰ, 23, 22, 21, 18, 14 ਅਤੇ 9 ਕੈਰੇਟ ਸੋਨੇ ਨੂੰ ਦਰਸਾਉਂਦੇ ਹਨ।

Video Ad
Video Ad